ਹੜ੍ਹ ਪ੍ਰਬੰਧਾਂ ਨੂੰ ਲੈ ਕੇ ਅਲਰਟ ’ਤੇ ਪ੍ਰਸ਼ਾਸਨ, 3 ਪਿੰਡਾਂ ਵਿਚ ਬਿਜਲੀ ਦੀ ਸਪਲਾਈ ਬਹਾਲ

08/29/2019 11:43:37 AM

ਜਲੰਧਰ (ਪੁਨੀਤ)- ਹੜ੍ਹ ਰਾਹਤ ਕੰਮਾਂ ਨੂੰ ਲੈ ਕੇ ਚੱਲ ਰਹੇ ਪ੍ਰਬੰਧਾਂ ਕਾਰਨ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮਹਾਮਾਰੀ ਫੈਲਣ ਦਾ ਖਦਸ਼ਾ ਹੈ, ਜਿਸ ਕਾਰਨ ਸਾਵਧਾਨੀ ਵਰਤੀ ਜਾ ਰਹੀ ਹੈ ਕਿਉਂਕਿ ਮ੍ਰਿਤਕ ਪਸ਼ੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ ਮ੍ਰਿਤਕ ਪਸ਼ੂਆਂ ਦੀ ਗਿਣਤੀ 89 ਤਕ ਪਹੁੰਚ ਗਈ। ਪਸ਼ੂ ਪਾਲਣ ਵਿਭਾਗ ਵਲੋਂ 3 ਮ੍ਰਿਤਕ ਪਸ਼ੂਆਂ ਨੂੰ ਦਫਨਾਇਆ ਗਿਆ ਹੈ। ਕਰੀਬ 8 ਹਜ਼ਾਰ ਪਸ਼ੂਆਂ ਦੀ ਜਾਂਚ ਕੀਤੀ ਗਈ ਅਤੇ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਲੜੀ ਵਿਚ ਪਸ਼ੂ ਪਾਲਣ ਵਿਭਾਗ ਵਲੋਂ ਇਕ ਬੇਹੋਸ਼ ਮਿਲੀ ਗਊ ਨੂੰ ਬਚਾਇਆ ਗਿਆ।

ਵੈਟਰਨਰੀ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਗਊ ਨੂੰ 105 ਦੇ ਕਰੀਬ ਬੁਖਾਰ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਸ਼ਾਸਨ ਅਧਿਕਾਰੀਆਂ ਨੇ ਦੱਸਿਆ ਕਿ 3 ਪਿੰਡਾਂ ਵਿਚ ਬਿਜਲੀ ਤੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਨਕ, ਸਾਬੂਵਾਲ ਅਤੇ ਕੜਾ ਰਾਮ ਸਿੰਘ ਵਿਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਇਸ ਤਰ੍ਹਾਂ ਨਾਲ ਮੰਡਾਲਾ, ਨਸੀਰਪੁਰ ਅਤੇ ਜਾਣੀਆਂ ਵਿਚ ਬਿਜਲੀ ਸਪਲਾਈ ਨੂੰ ਬਹਾਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਲ 21 ਦੇ ਕਰੀਬ ਪਿੰਡਾਂ ਵਿਚ ਬਿਜਲੀ ਸਪਲਾਈ ਬੰਦ ਹੋਈ ਸੀ ਜਿਸ ਵਿਚੋਂ 14 ਪਿੰਡਾਂ ਵਿਚ ਬਿਜਲੀ ਸਪਲਾਈ ਨੂੰ ਬਹਾਲ ਕੀਤਾ ਗਿਆ ਹੈ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ ਜਿਵੇਂ-ਜਿਵੇਂ ਪਾਣੀ ਘੱਟ ਹੋਵੇਗਾ, ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪਾਣੀ ਨਿਗਮ ਵਲੋਂ ਸਾਰੇ ਸਬ ਸਟੇਸ਼ਨ ਚਾਲੂ ਕੀਤੇ ਜਾ ਚੁੱਕੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਮਹਾਰਾਜਵਾਲਾ, ਪਿੰਡ ਕੰਗ ਖੁਰਦ, ਕੰਗ ਕਲਾਂ, ਮੰਡੀ ਚੋਹਲਿਆਂ, ਨਸੀਰਪੁਰ, ਮੰਡਾਲਾ, ਯੂਸਫਪੁਰ ਦਾਰੇਵਾਲ ਅਤੇ ਗਿੱਦੜਪਿੰਡੀ ਵਿਚ ਜਲ ਸਪਲਾਈ ਸ਼ੁਰੂ ਕਰਨ ਲਈ ਵਿਭਾਗ ਵਲੋਂ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਬਹੁਤ ਹੀ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀਆਂ ਜ਼ਰੀਏ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ। ਹੁਣ ਤਕ 20 ਹਜ਼ਾਰ ਲਿਟਰ ਤੋਂ ਜ਼ਿਆਦਾ ਪਾਣੀ ਸਪਲਾਈ ਕੀਤਾ ਜਾ ਚੁੱਕਾ ਹੈ।

shivani attri

This news is Content Editor shivani attri