ਹੜ੍ਹ ਦਾ ਕਹਿਰ, ਹੈਲੀਕਾਪਟਰ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚਾਏ ਗਏ ਹਜ਼ਾਰਾਂ ਪਰੌਂਠੇ (ਵੀਡੀਓ)

08/21/2019 5:19:36 PM

ਜਲੰਧਰ/ਸ਼ਾਹਕੋਟ/ਲੋਹੀਆਂ (ਸੁਧੀਰ)— ਜਲੰਧਰ ਦੇ ਕਈ ਇਲਾਕਿਆਂ 'ਚ ਪੈਦਾ ਹੋਏ ਹੜ੍ਹ ਦੇ ਹਾਲਾਤ ਤੋਂ ਬਾਅਦ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਪ੍ਰਸ਼ਾਸਨ ਜੁਟਿਆ ਹੋਇਆ ਹੈ। ਇਸੇ ਲੜੀ 'ਚ ਸ਼ਾਹਕੋਟ ਦੇ ਸਬ ਡਿਵੀਜ਼ਨ ਅਧੀਨ ਆਉਂਦੇ 18 ਦੇ ਕਰੀਬ ਪਿੰਡਾਂ 'ਚ ਫੌਜ ਦੇ 6 ਹੈਲੀਕਾਪਟਰਾਂ ਵੱਲੋਂ ਹੜ੍ਹਾਂ 'ਚ ਫਸੇ ਲੋਕਾਂ ਲਈ 36 ਹਜ਼ਾਰ ਪਰਾਂਠੇ, ਪਾਣੀ ਅਤੇ ਸੁੱਕੀ ਸਮੱਗਰੀ ਦੇ 18 ਹਜ਼ਾਰ ਪੈਕੇਟ ਭੇਜੇ ਗਏ ਹਨ। ਦੱਸ ਦੇਈਏ ਕਿ ਅਜੇ ਵੀ ਕਈ ਪਿੰਡ ਅਜਿਹੇ ਹਨ, ਜਿੱਥੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹਨ। ਇਸੇ ਕਾਰਨ ਲਗਭਗ 50 ਪਿੰਡਾਂ ਦੇ ਲੋਕਾਂ ਤੱਕ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਦੇ ਜ਼ਰੀਏ ਰਾਹਤ ਸਮੱਗਰੀ ਨੂੰ ਏਅਰਡਰੋਪ ਕੀਤਾ ਜਾਵੇਗਾ। ਇਸ ਦੇ ਲਈ ਪ੍ਰਸ਼ਾਸਨ ਨੂੰ ਫੌਜ ਦੇ 6 ਹੈਲੀਕਾਪਟਰ ਮਿਲੇ ਹਨ। ਆਫਤ 'ਚ ਹਰ ਥਾਂ ਪਹੁੰਚਣਾ ਸੰਭਵ ਨਹੀਂ ਹੁੰਦਾ, ਇਸ ਲਈ ਹੈਲੀਕਾਪਟਰ ਦੇ ਜ਼ਰੀਏ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। 

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੀਤੀ ਸ਼ਾਮ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਤਿੰਦਰ ਜੋਰਵਾਲ ਦੀ ਅਗਵਾਈ 'ਚ ਸਬ ਡਿਵੀਜ਼ਨਲ ਮੈਜਿਸਟ੍ਰੇਟ ਧਰਮਵੀਰ ਸਿੰਘ ਅਤੇ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨਕਿਰੰਦਰ ਸਿੰਘ ਦੀ ਅਗਵਾਈ 'ਚ ਟੀਮ ਗਠਿਤ ਕੀਤੀ ਗਈ ਸੀ। ਇਸੇ ਤਰ੍ਹਾਂ ਬਾਬਾ ਨਿਹਾਲ ਸਿੰਘ ਵਾਲਾ ਪ੍ਰਬੰਧਕ ਕਮੇਟੀ ਨੇ ਖਰੜ੍ਹ ਵਾਲੇ ਪਿੰਡਾਂ ਦੇ ਵਸਨੀਕਾਂ ਲਈ 36 ਹਜਾਰ ਪਰੌਂਠੇ ਮੁਹੱਈਆ ਕਰਵਾਏ।

ਇਹ ਖਾਣੇ ਦੇ ਪੈਕੇਟ ਸਵੇਰੇ ਤੜਕੇ ਜਲੰਧਰ ਕੈਂਟ ਲਿਆਂਦੇ ਗਏ ਸਨ, ਜਿੱਥੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਸੀਨੀਅਰ ਪੁਲਸ ਕਪਤਾਨ ਨਵਜੋਤ ਸਿੰਘ ਮਾਹਲ ਦੀ ਅਗਵਾਈ ਹੇਠ 6 ਆਰਮੀ ਹੈਲੀਕਾਪਟਰਾਂ 'ਚ ਲੱਦਿਆ ਗਿਆ ਸੀ। ਇਸ ਤੋਂ ਬਾਅਦ ਫੌਜ ਦੇ ਹੈਲੀਕਾਪਟਰਾਂ ਨੇ ਚੱਕ ਬਡਾਲਾ, ਜਾਣੀਆ, ਜਾਣੀਆ ਚਾਹਲ, ਮਹਿਰਾਜਵਾਲਾ, ਗੱਟਾ ਮੁੰਡੀ ਕਾਸੂ, ਮੁੰਡੀ ਸ਼ਹਿਰੀਆ, ਮੁੰਡੀ ਚੋਹਲਾਂ, ਕੰਗ ਖੁਰਦ, ਜਲਾਲਪੁਰ, ਥਹਿ ਸਮੇਤ ਸ਼ਾਹਕੋਟ ਦੇ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ ਕਈ ਹੋਰ ਪਿੰਡਾਂ 'ਚ ਰਾਹਤ ਸਮੱਗਰੀ ਨੂੰ ਪਹੁੰਚਾਇਆ।

shivani attri

This news is Content Editor shivani attri