ਹੜ੍ਹ ਪੀੜਤਾਂ ਦੀ ਮਦਦ ਲਈ ਕੈਪਟਨ ਦੀ ਲੋਕਾਂ ਨੂੰ ਅਪੀਲ, ਜਾਰੀ ਕੀਤਾ ਅਕਾਊਂਟ ਨੰਬਰ

08/24/2019 6:58:27 PM

ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲਿਆਂ ਵਿਚ ਆਏ ਹੜ੍ਹ ਅਤੇ ਸੂਬੇ ਦੀ ਆਰਥਿਕ ਹਾਲਾਤ ਨੂੰ ਵੇਖਦਿਆਂ ਹੋਇਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਦੇਣ ਦੀ ਅਪੀਲ ਕੀਤੀ ਹੈ। ਮਦਦ ਲਈ ਮੁੱਖ ਮੰਤਰੀ ਨੇ ਬਕਾਇਦਾ ਬੈਂਕ ਅਕਾਊਂਟ ਨੰਬਰ ਵੀ ਸਾਂਝਾ ਕੀਤਾ ਹੈ, ਜਿਸ ਰਾਹੀਂ ਦਾਨੀ ਸੱਜਣ ਸਹਾਇਤਾ ਪੀੜਤ ਅਤੇ ਲੋੜਮੰਦਾਂ ਤੱਕ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਹਿਦਾਇਤਾਂ 'ਤੇ ਉਨ੍ਹਾਂ ਦੇ ਮੰਤਰੀ ਵੀ ਇਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਛੱਡ ਰਹੇ ਹਨ। ਸ਼ਨੀਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਦੇਣ ਦਾ ਫੈਸਲਾ ਕੀਤਾ। 


ਦਰਅਸਲ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਆਏ ਹਨ ਜਿਨ੍ਹਾਂ ਦੇ ਜਲਦ ਰਾਹਤ ਮਿਲਣ ਦੀ ਆਸ ਨਹੀਂ ਹੈ। ਸਤਲੁਜ ਦਰਿਆ ਵਿਚ ਵੀ ਕਈ ਥਾਈਂ ਪਾੜ ਪਿਆ ਹੋਇਆ ਹੈ, ਜਿਸ ਤੋਂ ਪਾਣੀ ਲਗਾਤਾਰ ਲਾਗਲੇ ਪਿੰਡਾਂ ਵਿਚ ਦਾਖ਼ਲ ਹੋ ਰਿਹਾ ਹੈ। ਪੰਜਾਬ ਸਰਕਾਰ, ਫ਼ੌਜ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ ਪਰ ਬਾਵਜੂਦ ਇਸ ਦੇ ਦਰਿਆਵਾਂ 'ਚ ਪਾੜ ਪੂਰਨ ਨੂੰ ਲਗਭਗ ਦੋ ਕੁ ਹਫਤੇ ਦਾ ਸਮਾਂ ਲੱਗ ਸਕਦਾ ਹੈ। 
ਮੁੱਖ ਮੰਤਰੀ ਨੇ ਆਪਣੇ ਟਵਿੱਟਰ 'ਤੇ ਜਾਣਕਾਰੀ ਦਿਦਿੰਦਿਆਂ ਦੱਸਿਆ ਕਿ ਪਿੰਡ ਜਾਣੀਆ ਨੇੜਿਓਂ ਲੰਘਦੇ ਸਤਲੁਜ ਦਰਿਆ ਵਿਚ ਪਏ ਪਾੜ ਦਾ ਮੰਜ਼ਰ ਹੈਰਾਨ ਕਰਨ ਵਾਲਾ ਹੈ। ਇਸ ਇਲਾਕੇ ਵਿਚ 500 ਫੁੱਟ ਦਾ ਸਭ ਤੋਂ ਵੱਡਾ ਪਾੜ ਹੈ। ਇੱਥੇ ਕੰਮ ਕਰ ਰਹੇ ਫ਼ੌਜ ਦੇ ਮੇਜਰ ਐੱਮ. ਪੀ. ਸਿੰਘ ਮੁਤਾਬਕ ਇਸ ਪਾੜ ਨੂੰ ਭਰਨ ਲਈ ਦੋ ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ।
ਇਸ ਤੋਂ ਇਲਾਵਾ ਹੜ੍ਹ 'ਚ ਫਸੇ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਅਪੀਲ ਦੇ ਨਾਲ-ਨਾਲ ਚਿਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਤ ਸੁਧਰੇ ਜ਼ਰੂਰ ਹਨ ਪਰ ਜੇਕਰ ਹੋਰ ਮੀਂਹ ਆਉਂਦਾ ਹੈ ਤਾਂ ਹੜ੍ਹ ਦੋਬਾਰਾ ਆ ਸਕਦਾ ਹੈ, ਅਜਿਹੇ 'ਚ ਘਰ ਡਿੱਗਣ ਦਾ ਖਤਰਾ ਹੋਰ ਵੀ ਵੱਧ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਆਖਿਆ ਹੈ ਕਿ ਸਿਰਫ ਇਕ ਜਾਂ ਦੋ ਲੋਕ ਹੀ ਘਰ ਵਿਚ ਠਹਿਰਣ ਜਦਕਿ ਬਾਕੀ ਲੋਕ ਸਰਕਾਰ ਦੇ ਕੈਂਪਾਂ ਵਿਚ ਚਲੇ ਜਾਣ। 

Gurminder Singh

This news is Content Editor Gurminder Singh