ਮੰਡ ਕੁੱਲਾ ''ਚ ਬਿਆਸ ਦਰਿਆ ਕੰਢੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਅੱਜ ਤੋਂ ਸ਼ੁਰੂ

11/06/2019 10:41:24 AM

ਭੁਲੱਥ (ਰਜਿੰਦਰ, ਭੂਪੇਸ਼) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲਾ ਪੱਧਰੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਸਬ-ਡਵੀਜ਼ਨ ਭੁਲੱਥ ਦੇ ਪਿੰਡ ਮੰਡੀ ਮੰਡ ਕੁੱਲਾ ਨੇੜੇ ਬਿਆਸ ਦਰਿਆ 'ਚ 6 ਤੇ 7 ਨਵੰਬਰ ਨੂੰ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਪੂਰਥਲਾ ਜ਼ਿਲੇ ਦੇ ਡੀ.ਸੀ ਇੰਜ. ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਦੋ ਦਿਨਾ ਪ੍ਰੋਗਰਾਮ ਜ਼ਿਲਾ ਵਾਸੀਆਂ ਨੂੰ ਰੂਹਾਨੀ ਰੰਗ 'ਚ ਰੰਗਣ ਲਈ ਅਧਿਆਤਮਕਤਾ ਦੀ ਛਹਿਬਰ ਲਾਏਗਾ। ਇਸ ਮੌਕੇ ਗੁਰੂ ਸਾਹਿਬ ਜੀ ਦੇ ਜੀਵਨ ਤੇ ਸਿੱਖਿਆਵਾਂ 'ਤੇ ਚਾਨਣਾ ਪਾਉਂਦੇ ਸ਼ੋਅ ਦੋਵੇਂ ਦਿਨ ਸ਼ਾਮ 7 ਤੋਂ 7.45 ਵਜੇ ਅਤੇ 8.15 ਤੋਂ 9 ਵਜੇ ਤੱਕ ਹੋਣਗੇ।

ਉਨ੍ਹਾਂ ਦੱਸਿਆ ਕਿ ਰੰਗਦਾਰ ਦ੍ਰਿਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਇਕ ਅਦਭੁੱਤ ਨਜ਼ਾਰਾ ਪੇਸ਼ ਕਰੇਗਾ। ਇਸ ਪ੍ਰੋਗਰਾਮ 'ਚ ਆਉਣ ਵਾਲੇ ਲੋਕਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਲੋਕਾਂ ਨੂੰ ਇਹ ਸ਼ੋਅ ਬਿਲਕੁਲ ਮੁਫ਼ਤ ਦਿਖਾਇਆ ਜਾਵੇਗਾ। ਉਨ੍ਹਾਂ ਕਪੂਰਥਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਆਪਣੇ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਇਥੇ ਪਹੁੰਚਣ।

ਦੂਜੇ ਪਾਸੇ ਏ.ਐੱਸ.ਪੀ. ਡਾ. ਸਿਮਰਤ ਕੌਰ ਆਈ. ਪੀ. ਐੱਸ. ਨੇ ਦੱਸਿਆ ਕਿ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਮੰਡੀ ਮੰਡਕੁੱਲਾ ਵਿਖੇ ਕਰਵਾਏ ਜਾ ਰਹੇ ਸ਼ੋਅ ਦੌਰਾਨ ਸਬ-ਡਵੀਜ਼ਨ ਦੇ 4 ਪੁਲਸ ਥਾਣਿਆਂ ਬੇਗੋਵਾਲ, ਭੁਲੱਥ, ਸੁਭਾਨਪੁਰ ਤੇ ਢਿੱਲਵਾਂ ਤੋਂ ਜਿਥੇ ਪੁਲਸ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। ਥਾਣਿਆਂ ਦੀ ਪੁਲਸ ਫੋਰਸ ਤੋਂ ਇਲਾਵਾ ਹੋਰ ਵੀ ਕਈ ਪੁਲਸ ਕਰਮਚਾਰੀ ਲੋਕਾਂ ਦੀ ਸੁਰੱਖਿਆਂ ਲਈ ਇਥੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 2 ਦਿਨ ਚੱਲਣ ਵਾਲਾ ਇਹ ਸ਼ੋਅ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ।

rajwinder kaur

This news is Content Editor rajwinder kaur