ਪੰਜਾਂ ਲੁਟੇਰਿਆਂ ਤੋਂ ਬਰਾਮਦ 90 ਹਜ਼ਾਰ ਤੇ ਕੀਮਤੀ ਸਾਮਾਨ

10/25/2017 3:33:09 AM

ਕਪੂਰਥਲਾ, (ਭੂਸ਼ਣ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਕੁੱਲ 23 ਏ. ਟੀ. ਐੱਮ. ਤੋੜ ਕੇ ਕਰੀਬ 82 ਲੱਖ ਰੁਪਏ ਦੀ ਰਕਮ ਲੁੱਟਣ ਦੇ ਮਾਮਲੇ 'ਚ ਗ੍ਰਿਫਤਾਰ ਪੰਜਾਂ ਲੁਟੇਰਿਆਂ ਵਲੋਂ ਪੁਲਸ ਰਿਮਾਂਡ ਦੌਰਾਨ ਕੀਤੇ ਗਏ ਕਈ ਸਨਸਨੀਖੇਜ਼ ਖੁਲਾਸਿਆਂ ਨੂੰ ਲੈ ਕੇ ਮੰਗਲਵਾਰ ਨੂੰ ਥਾਣਾ ਫੱਤੂਢੀਂਗਾ ਦੀ ਟੀਮ ਨੇ ਜ਼ਿਲਾ ਫਿਰੋਜ਼ਪੁਰ ਦੇ ਕਸਬੇ ਮੱਖੂ ਅਤੇ ਆਸ-ਪਾਸ ਦੇ ਖੇਤਰਾਂ 'ਚ ਪੈਂਦੇ ਲੁਟੇਰਿਆਂ ਦੇ ਘਰ 'ਚ ਕਈ ਘੰਟੇ ਤਕ ਸਰਚ ਮੁਹਿੰਮ ਚਲਾਈ। ਮੁਲਜ਼ਮਾਂ ਦੇ ਖੁਲਾਸੇ ਦੇ ਦੌਰਾਨ ਪੁਲਸ ਟੀਮਾਂ ਨੇ ਲੁੱਟ ਦੀ ਰਕਮ ਨਾਲ ਖਰੀਦੇ ਗਏ ਭਾਰੀ ਗਿਣਤੀ 'ਚ ਏ. ਸੀ. , ਫਰਿੱਜ ਸਮੇਤ ਕਈ ਪ੍ਰਕਾਰ ਦੇ ਮਹਿੰਗੇ ਸਾਮਾਨ ਪ੍ਰਾਪਤ ਕੀਤੇ। 
ਪੁੱਛਗਿਛ ਦੇ ਦੌਰਾਨ ਮੁਲਜ਼ਮਾਂ ਨੇ ਅੰਮ੍ਰਿਤਸਰ ਨਿਵਾਸੀ 2 ਸਕੇ ਭਰਾਵਾਂ ਦੇ ਨਾਵਾਂ ਦਾ ਖੁਲਾਸਾ ਕਰਦੇ ਹੋਏ ਲੁੱਟੀ ਗਈ ਰਕਮ ਦਾ ਜ਼ਿਆਦਾਤਰ ਹਿੱਸਾ ਦੋਵਾਂ ਭਰਾਵਾਂ ਨੂੰ ਦੇਣ ਦੀ ਗੱਲ ਕਹੀ ਗਈ। ਜਿਸਦੇ ਆਧਾਰ 'ਤੇ ਕਪੂਰਥਲਾ ਪੁਲਸ ਦੋਵਾਂ ਭਰਾਵਾਂ ਦੀ ਤਲਾਸ਼ 'ਚ ਜੁੱਟ ਗਈ ਹੈ। ਮੰਗਲਵਾਰ ਦੀ ਦੇਰ ਸ਼ਾਮ ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ 2 ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ।  
ਬੀਤੇ 10 ਦਿਨਾਂ ਤੋਂ ਪੁਲਸ ਹਿਰਾਸਤ 'ਚ ਚੱਲ ਰਹੇ ਮੁਲਜ਼ਮਾਂ ਦੇ ਖੁਲਾਸਿਆਂ ਦੇ ਬਾਅਦ ਮੰਗਲਵਾਰ ਨੂੰ ਫੱਤੂਢੀਂਗਾ ਪੁਲਸ ਨੇ ਜ਼ਿਲਾ ਫਿਰੋਜ਼ਪੁਰ ਦੇ ਮੱਖੂ ਸਮੇਤ ਕਈ ਥਾਣਿਆਂ 'ਚ ਛਾਪਾਮਾਰੀ 'ਚ ਮੁਲਜ਼ਮਾਂ ਦੇ ਘਰਾਂ ਦੀ ਕਈ ਘੰਟੇ ਤੱਕ ਤਲਾਸ਼ੀ ਲਈ, ਜਿਸਦੇ ਦੌਰਾਨ ਮੁਲਜ਼ਮਾਂ ਦੇ ਘਰ ਤੋਂ 90 ਹਜ਼ਾਰ ਰੁਪਏ ਦੀ ਨਕਦੀ, 2 ਫਰਿੱਜ, 2 ਵਾਸ਼ਿੰਗ ਮਸ਼ੀਨ, 2 ਗੋਲਡਨ ਅਲਮਾਰੀ, ਕਈ ਸੌਫਾ ਸੈੱਟ, 2 ਡਬਲ ਬੈੱਡ, ਇਕ ਐੱਲ. ਸੀ. ਡੀ. ਅਤੇ ਇਕ ਏ. ਸੀ. ਸਮੇਤ ਭਾਰੀ ਮਾਤਰਾ 'ਚ ਸਾਮਾਨ ਬਰਾਮਦ ਹੋਇਆ ।