ਵਿੱਕੀ ਗੌਂਡਰ ਗੈਂਗ ਦੇ ਹਮਾਇਤੀ ਦੀ ਕੁੱਟਮਾਰ ਕਰਕੇ ਵੀਡੀਓ ਫੇਸਬੁੱਕ 'ਤੇ ਪਾਉਣ ਵਾਲੇ ਪੰਚਮ ਸਾਥੀਆਂ ਸਣੇ ਨਾਮਜ਼ਦ

07/12/2017 8:56:39 PM

ਜਲੰਧਰ (ਰਾਜੇਸ਼)— ਵਿੱਕੀ ਗੌਂਡਰ ਗਰੁੱਪ ਦੇ ਹਮਾਇਤੀ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਵਾਲੇ ਸੁੱਖਾ ਕਾਹਲਵਾਂ ਗਰੁੱਪ ਦੇ ਪੰਚਮ ਤੇ 8 ਸਾਥੀਆਂ ਖਿਲਾਫ ਥਾਣਾ 6 ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੰਚਮ ਤੇ ਉਸ ਦੇ 8 ਸਾਥੀਆਂ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਯਾਦ ਰਹੇ ਕਿ ਬੀਤੇ ਦਿਨੀਂ ਵਿੱਕੀ ਗੌਂਡਰ ਦੇ ਹਮਾਇਤੀ ਸ਼ੇਰਾ ਖੁੱਬਣ ਗਰੁੱਪ ਦੇ ਨਾਂ ਨਾਲ ਫੇਸਬੁੱਕ ਚਲਾਉਣ ਵਾਲੀ ਆਈ. ਡੀ. 'ਚ ਸਟੇਟਸ ਪਾਇਆ ਗਿਆ ਸੀ ਕਿ ਉਨ੍ਹਾਂ ਦੇ ਪੱਖ 'ਚ ਫੇਸਬੁੱਕ 'ਤੇ ਸਟੇਟਸ ਪਾਉਣ ਵਾਲੇ ਨੂੰ ਸੁੱਖਾ ਕਾਹਲਵਾਂ ਗਰੁੱਪ ਦੇ ਮੈਂਬਰਾਂ ਨੇ ਕੁੜੀ ਰਾਹੀਂ ਮਾਡਲ ਟਾਊਨ ਜਲੰਧਰ ਬੁਲਾ ਕੇ ਉਸ ਨੂੰ ਅਗਵਾ ਕਰਵਾ ਲਿਆ। ਉਹ ਉਸਨੂੰ ਇਕ ਫਾਰਮ ਹਾਊਸ 'ਚ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਦੀ ਵੀਡੀਓ ਬਣਾ ਕੇ ਸੁੱਖਾ ਕਾਹਲਵਾਂ ਗਰੁੱਪ ਦੇ ਫੇਸਬੁੱਕ ਪੇਜ 'ਤੇ ਅਪਲੋਡ ਕਰ ਦਿੱਤੀ ਸੀ। ਸ਼ੇਰਾ ਖੁੱਬਣ ਨੇ ਥਾਣਾ 6 ਦੀ ਪੁਲਸ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਹਮਾਇਤੀ ਨੂੰ ਅਗਵਾ ਕਰਕੇ ਕੁੱਟਣ ਵਾਲਿਆਂ 'ਤੇ ਕਾਰਵਾਈ ਨਾ ਹੋਈ ਤਾਂ ਉਹ ਕੁਝ ਅਜਿਹਾ ਕਰਨਗੇ, ਜਿਸ ਦੀ ਜ਼ਿੰਮੇਵਾਰ ਪੁਲਸ ਦੀ ਹੋਵੇਗੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਮਾਮਲੇ ਦੀ ਜਾਂਚ ਏ. ਸੀ. ਪੀ. ਸਮੀਰ ਵਰਮਾ ਨੂੰ ਸੌਂਪੀ, ਜਿਨ੍ਹਾਂ ਨੇ ਮੋਗਾ ਹਸਪਤਾਲ 'ਚ ਦਾਖਲ ਬੇਅੰਤ ਸਿੰਘ ਬਰਾੜ ਵਾਸੀ ਮੋਗਾ ਦੇ ਬਿਆਨ ਦਰਜ ਬੇਅੰਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਬਰਾੜ ਮੋਗਾ ਵਾਲਾ ਦੇ ਨਾਂ 'ਤੇ ਫੇਸਬੁੱਕ ਆਈ. ਡੀ. ਸੀ, ਜੋ ਉਹ ਵਿੱਕੀ ਗੌਂਡਰ ਦੇ ਹਮਾਇਤੀਆਂ ਦੇ ਪੱਖ 'ਚ ਸਟੇਟਸ ਪਾਉਂਦਾ ਸੀ ਕਿ ਇਕ ਲੜਕੀ ਜਿਸ ਦਾ ਨਾਂ ਮੀਨਾਕਸ਼ੀ ਹੈ, ਨੇ ਉਸ ਨੂੰ ਜਲੰਧਰ ਮਾਡਲ ਟਾਊਨ ਬੁਲਾਇਆ। ਜਲੰਧਰ ਪਹੁੰਚਣ 'ਤੇ ਰਸਤਾ ਮੁਹੱਲਾ ਦੇ ਰਹਿਣ ਵਾਲੇ ਪੰਚਮ ਨੂਰ ਉਰਫ ਪੰਚਮ ਨੇ ਆਪਣੇ 8 ਸਾਥੀਆਂ ਸਣੇ ਉਸ ਨੂੰ ਅਗਵਾ ਕਰਕੇ ਅਣਪਛਾਤੀ ਥਾਂ 'ਤੇ ਲੈ ਗਏ। ਉਥੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਵੀਡੀਓ ਬਣਾ ਕੇ ਸੁੱਖਾ ਕਾਹਲਵਾਂ ਗਰੁੱਪ ਨਾਂ ਦੇ ਪੇਜ 'ਤੇ ਅਪਲੋਡ ਕਰ ਦਿੱਤੀ ਗਈ। ਪੁਲਸ ਨੇ ਬੇਅੰਤ ਬਰਾੜ ਵਾਲਾ ਮੋਗਾ ਦੇ ਬਿਆਨਾਂ ਦੇ ਆਧਾਰ 'ਤੇ ਪੰਚਮ, ਮੀਨਾਕਸ਼ੀ ਅਤੇ ਉਸ ਦੇ 8 ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਮੋਗਾ ਤੋਂ ਬੇਅੰਤ ਬਰਾੜ ਨੂੰ ਫੋਨ ਕਰਕੇ ਜਲੰਧਰ ਬੁਲਾਉਣ ਵਾਲੀ ਮੀਨਾਕਸ਼ੀ ਦੇ ਨੰਬਰ ਦੀ ਡਿਟੇਲ ਕਢਵਾਈ ਜਾ ਰਹੀ ਹੈ। ਲੜਕੀ ਦਾ ਫੋਨ ਬੰਦ ਆ ਰਿਹਾ ਹੈ।