ਸ੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪਣ ਸਬੰਧੀ ਫਿਸ਼ ਕੰਪਨੀ ਨੇ ਮੰਗੀ ਮੁਆਫੀ

07/22/2017 9:43:10 PM

ਫਤਿਹਗੜ੍ਹ ਸਾਹਿਬ/ਅੰਮ੍ਰਿਤਸਰ (ਜਗਦੇਵ/ ਦੀਪਕ/ ਪੁਰੀ)— ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਸਟ੍ਰੇਲੀਆ ਦੀ ਮੀਟ (ਫਿਸ਼) ਕੰਪਨੀ 'ਕਰੀ ਮਾਸਟਰ' ਵੱਲੋਂ ਪੈਕਿੰਗ ਵਾਲੇ ਡੱਬੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਜੋ ਨਾ-ਬਰਦਾਸ਼ਤਯੋਗ ਹੈ। ਸਰਬੱਤ ਦਾ ਭਲਾ ਮੰਗਣ ਅਤੇ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਨ ਵਾਲੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਕੋਝੀਆਂ ਹਰਕਤਾਂ ਸਮਾਜ ਵਿਚ ਫੁੱਟ ਪਾਉਣ ਵਾਲੀਆਂ ਕਾਰਵਾਈਆਂ ਹਨ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀ ਮੀਟ ਕੰਪਨੀ 'ਕਰੀ ਮਾਸਟਰ' ਵੱਲੋਂ ਸਿੱਖ ਭਾਵਨਾਵਾਂ ਭੜਕਾਉਂਦਿਆਂ ਪੈਕਿੰਗ ਵਾਲੇ ਡੱਬੇ 'ਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪੀ ਗਈ ਹੈ ਜੋ ਅਤਿ-ਨਿੰਦਣਯੋਗ ਹੈ, ਜਿਸ ਬਾਰੇ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਪਨੀ ਨੂੰ ਪੱਤਰ ਲਿਖ ਕੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹਟਾਉਣ ਅਤੇ ਸਿੱਖ ਸੰਗਤ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ ਸੀ, ਜਿਸ 'ਤੇ ਆਸਟ੍ਰੇਲੀਆ ਦੀ ਮੀਟ ਕੰਪਨੀ 'ਕਰੀ ਮਾਸਟਰ' ਦੇ ਮਾਲਕ ਸੁਰਿੰਦਰ ਸਿੰਘ ਨੇ ਈ-ਮੇਲ ਰਾਹੀਂ ਭੇਜੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਕੋਲੋਂ ਇਹ ਤਸਵੀਰ ਗਲਤੀ ਨਾਲ ਪੈਕਿੰਗ ਵਾਲੇ ਡੱਬੇ 'ਤੇ ਛਪ ਗਈ ਸੀ, ਜਿਸ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ ਅਤੇ ਬਾਜ਼ਾਰ ਵਿਚ ਗਏ ਡੱਬਿਆਂ ਨੂੰ ਵਾਪਸ ਵੀ ਮੰਗਵਾ ਲਿਆ ਗਿਆ ਹੈ।
ਸੁਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤ ਕੋਲੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਆਪਣੀ ਗਲਤੀ ਲਈ ਸੋਸ਼ਲ ਮੀਡੀਆ ਉਪਰ ਜਨਤਕ ਤੌਰ 'ਤੇ ਵੀ ਮੁਆਫੀ ਮੰਗਣਗੇ।