ਪਹਿਲੀ ਮਹਿਲਾ ਐਜੂਕੇਸ਼ਨਲ ਫੁੱਟਬਾਲ ਟਰਾਫੀ ਰਹੀ ਐੱਚ. ਐੱਮ. ਵੀ. ਕਾਲਜ ਜਲੰਧਰ ਦੇ ਨਾਂ

11/18/2017 4:53:18 AM

ਜਲੰਧਰ— 'ਜਗ ਬਾਣੀ' ਦੇ ਵਿਸ਼ੇਸ਼ ਸਹਿਯੋਗ ਨਾਲ ਵਾਈ. ਐੱਫ. ਸੀ. ਕਲੱਬ ਰੁੜਕਾ ਕਲਾਂ ਵਲੋਂ ਚਲਾਈ ਜਾ ਰਹੀ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ ਤਹਿਤ 'ਗਰਲਜ਼ ਪਲੇਅ, ਗਰਲਜ਼ ਲੀਡ' ਲੀਗ ਦੇ ਪਹਿਲੇ ਗੇੜ ਦਾ ਸਮਾਪਤੀ ਸਮਾਰੋਹ ਅੱਜ ਕਰਵਾਇਆ ਗਿਆ। ਇਸ ਤਹਿਤ ਪਹਿਲੀ ਮਹਿਲਾ ਐਜੂਕੇਸ਼ਨਲ ਫੁੱਟਬਾਲ ਟਰਾਫੀ 'ਤੇ ਐੈੱਚ. ਐੱਮ. ਵੀ. ਕਾਲਜ ਜਲੰਧਰ ਨੇ ਕਬਜ਼ਾ ਕੀਤਾ।   
ਸਮਾਪਤੀ ਸਮਾਰੋਹ ਦੀ ਸ਼ੁਰੂਆਤ ਪਹਿਲਾ ਸੈਮੀਫਾਈਨਲ ਮੈਚ ਕਰਵਾ ਕੇ ਕੀਤੀ ਗਈ,  ਜਿਹੜਾ ਐੱਚ. ਐੱਮ. ਵੀ. ਕਾਲਜ (ਜਲੰਧਰ) ਤੇ ਖਾਲਸਾ ਵਾਰੀਅਰ (ਸੰਗਰੂਰ)  ਵਿਚਾਲੇ ਖੇਡਿਆ ਗਿਆ, ਜਿਸ 'ਚ ਐੱਚ. ਐੱਮ. ਵੀ. ਕਾਲਜ ਦੀ ਟੀਮ ਨੇ 4-1 ਨਾਲ ਮੈਚ ਆਪਣੇ ਨਾਂ ਕਰਦੇ ਹੋਏ ਫਾਈਨਲ 'ਚ ਪ੍ਰਵੇਸ਼ ਕੀਤਾ। 
ਦੂਜੇ ਸੈਮੀਫਾਈਨਲ 'ਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਜਲੰਧਰ ਨੇ ਸਲੱਮ ਸੋਕਰ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ, ਜਿਥੇ ਉਸ ਦਾ ਮੁਕਾਬਲਾ ਐੱਚ. ਐੱਮ. ਵੀ. ਕਾਲਜ ਜਲੰਧਰ ਦੀ ਟੀਮ ਨਾਲ ਹੋਇਆ। 
ਇਸ ਤੋਂ ਬਾਅਦ ਰੋਮਾਂਚਕ ਫਾਈਨਲ 'ਚ ਐੱਚ. ਐੱਮ. ਵੀ. ਕਾਲਜ ਜਲੰਧਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੀ. ਬੀ. ਕੇ. ਡੀ. ਏ. ਵੀ. ਕਾਲਜ ਜਲੰਧਰ ਨੂੰ 1-0 ਦੇ ਫਰਕ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। 
ਇਸ ਸਮਾਪਤੀ ਸਮਾਰੋਹ 'ਚ ਐੱਮ. ਐੱਲ. ਏ. ਸ. ਬਲਦੇਵ ਸਿੰਘ ਖਹਿਰਾ (ਵਿਧਾਇਕ ਹਲਕਾ ਫਿਲੌਰ) ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ । ਇਸ ਦੇ ਨਾਲ ਲੀਗ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਖਿਡਾਰਨ ਲਵਦੀਪ ਕੌਰ (ਖਾਲਸਾ ਵਾਰੀਅਰ) ਨੂੰ ਗੋਲਡਨ ਗਲਬਜ਼ , ਟਾਪ ਸਕੋਰਰ ਮਨਪ੍ਰੀਤ ਕੌਰ (ਐੱਚ. ਐੱਮ. ਵੀ. ਕਾਲਜ ਜਲੰਧਰ) ਨੂੰ ਗੋਲਡਨ ਬੂਟ ਅਤੇ ਰਾਜਵੀਰ ਕੌਰ (ਐੱਚ. ਐੱਮ. ਵੀ. ਕਾਲਜ) ਨੂੰ ਬੈਸਟ ਪਲੇਅਰ ਦਾ ਖਿਤਾਬ ਦਿੱਤਾ ਗਿਆ। ਇਸ ਦੇ ਨਾਲ ਹੀ ਲੀਗ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀਮ ਨਾਜ਼ ਫਾਊਂਡੇਸ਼ਨ ਨੂੰ ਈ. ਐੱਫ. ਐੱਲ. ਫੇਅਰ ਪਲੇਅ ਦਾ ਖਿਤਾਬ ਦਿੱਤਾ ਗਿਆ।
ਇਸ ਮੌਕੇ ਵਾਈ. ਐੱਫ. ਸੀ. ਤੋਂ ਪ੍ਰਧਾਨ ਗੁਰਮੰਗਲ ਦਾਸ ਸੋਨੀ, ਚੇਅਰਮੈਨ ਅਮਰਜੀਤ ਸਿੰਘ ਸੰਧੂ, ਕੁਲਵਿੰਦਰ ਕਾਲਾ, ਜ਼ਿਲਾ ਪ੍ਰੀਸ਼ਦ ਮੈਂਬਰ ਸ਼੍ਰੀ ਸ਼ਿੰਦਾ ਤੇ ਹੋਰ ਵਾਈ. ਐੱਫ. ਸੀ. ਮੈਂਬਰ ਹਾਜ਼ਰ ਹਨ।