ਦਰਬਾਰ ਸਾਹਿਬ ਨੇੜੇ ਧਮਾਕਾ ਕਰਨ ਵਾਲੇ ਮੁਲਜ਼ਮ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ

05/11/2023 5:46:39 PM

ਅੰਮ੍ਰਿਤਸਰ: ਬੁੱਧਵਾਰ ਦੇਰ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਨੇੜੇ ਬਣੇ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਦੀ ਇਮਾਰਤ ਕੋਲ ਹੋਏ ਧਮਾਕੇ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵੱਲੋਂ ਮੁਲਜ਼ਮ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਤਸਵੀਰਾਂ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦੱਸਿਆ ਕਿ ਗੁਰੂ ਰਾਮਦਾਸ ਜੀ ਨਿਵਾਸ ਦੇ ਪਿੱਛੇ ਗਲਿਆਰੇ ਵਿੱਚ ਬੀਤੀ ਰਾਤ 12:10 ਵਜੇ ਦੇ ਕਰੀਬ ਧਮਾਕਾ ਹੋਇਆ। ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਘਟਨਾ ਦੇ ਮੁੱਖ ਮੁਲਜ਼ਮ ਦੀ ਸੀਸੀਟੀਵੀ ਪੈੜ ਨੱਪਣ ਤੋਂ ਬਾਅਦ ਉਸ ਦੀ ਸ਼ਨਾਖਤ ਕੀਤੀ ਅਤੇ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ 5 ਦਿਨਾਂ ਵਿਚ ਦਰਬਾਰ ਸਾਹਿਬ ਨੇੜੇ ਧਮਾਕਾ ਹੋਣ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਤੇ ਸੋਮਵਾਰ ਸਵੇਰ ਨੂੰ ਹੈਰੀਟੇਜ ਸਟਰੀਟ ਨੇੜੇ 2 ਧਮਾਕੇ ਹੋਏ ਸਨ। ਉਧਰ ਇਸ ਮਾਮਲੇ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਮਾਮਲੇ 'ਚ 5 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਆਜ਼ਾਦ ਵੀਰ ਸਿੰਘ, ਵਡਾਲਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ, ਅਮਰੀਕ ਸਿੰਘ ਪਿੰਡ ਆਦੀਆਂ ਜ਼ਿਲ੍ਹਾ ਗੁਰਦਾਸਪੁਰ, ਸਾਹਿਬ ਸਿੰਘ ਗੇਟ ਹਕੀਮਾਂ ਅੰਮ੍ਰਿਤਸਰ, ਹਰਜੀਤ ਸਿੰਘ ਮਜੀਠਾ ਰੋਡ ਅੰਮ੍ਰਿਤਸਰ ਅਤੇ  ਧਰਮਿੰਦਰ ਸਿੰਘ ਮਜੀਠਾ ਰੋਡ ਅੰਮ੍ਰਿਤਸਰ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਨੇ ਧਮਾਕਿਆਂ ਦੇ ਮਾਮਲ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Harnek Seechewal

This news is Content Editor Harnek Seechewal