ਜ਼ਮੀਨ ਦੀ ਖਾਤਰ ਪੁੱਤਰ ਨੇ ਕੀਤਾ ਮਤਰੇਈ ਮਾਂ ਦਾ ਕਤਲ

08/01/2019 4:42:43 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਵਿਖੇ ਜਾਇਦਾਦ ਦੀ ਖਾਤਰ ਇਕ ਪੁੱਤਰ ਵਲੋਂ ਆਪਣੀ ਮਤਰੇਈ ਮਾਂ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਮੀਤ ਕੌਰ ਪਤਨੀ ਬਲਵੀਰ ਸਿੰਘ ਵਜੋਂ ਹੋਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਮੁਲਜ਼ਮ ਖਿਲਾਫ ਕਤਲ ਦੇ ਜੁਰਮਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਮੁੱਦਈ ਨਛੱਤਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਵਾਰਡ ਨੰ. 1, ਪਿੰਡ ਦੂਲਾ ਸਿੰਘ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਗੁਰਮੀਤ ਕੌਰ ਨਿਸ਼ਾਨ ਸਿੰਘ ਦੀ ਮਤਰੇਈ ਮਾਂ ਸੀ, ਜੋ ਕੁਝ ਦਿਨ ਪਹਿਲਾਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ ਸੀ। ਮੁੱਦਈ ਅਨੁਸਾਰ ਬੀਤੇ ਦਿਨੀਂ ਨਿਸ਼ਾਨ ਸਿੰਘ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ, ਜਿਸ ਦੌਰਾਨ ਉਸ ਨੇ ਮੁੱਦਈ ਨੂੰ ਦੱਸਿਆ ਕਿ ਉਸ ਨੇ ਆਪਣੀ ਮਤਰੇਈ ਮਾਂ ਦਾ ਜਾਇਦਾਦ ਦੀ ਖਾਤਰ ਕਤਲ ਕਰ ਦਿੱਤਾ ਹੈ। ਉਧਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur