ਸੁਰੱਖਿਆ ਦੇ ਮੁੱਦੇ 'ਤੇ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਪਿੰਕੀ ਪਹੁੰਚੇ ਹਾਈਕੋਰਟ, ਜਾਣੋ ਪੂਰਾ ਮਾਮਲਾ

12/01/2022 1:05:52 PM

ਚੰਡੀਗੜ੍ਹ/ਫਿਰੋਜ਼ਪੁਰ (ਹਾਂਡਾ) : ਫਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਿੰਦਰ ਸਿੰਘ ਪਿੰਕੀ ਨੂੰ ਮਿਲੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ 7 ਸੁਰੱਖਿਆ ਕਰਮਚਾਰੀ ਸੁਰੱਖਿਆ ਲਈ ਦਿੱਤੇ ਗਏ ਹਨ, ਜਿਨ੍ਹਾਂ ਨੂੰ ਆਪਣੀ ਤੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਲਈ ਨਾਕਾਫ਼ੀ ਦੱਸਦੇ ਹੋਏ ਉਨ੍ਹਾਂ ਨੇ ਹਾਈ ਕੋਰਟ ਪਹੁੰਚ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇੰਟੈਲੀਜੈਂਸ ਬਿਊਰੋ ਵਲੋਂ ਖਤਰੇ ਵਜੋਂ ਜਾਰੀ ਕੀਤੀ ਗਈ ਸੂਚੀ ਵਿਚ ਉਸ ਦਾ ਨਾਂ ਵੀ ਸ਼ਾਮਲ ਹੈ, ਇਸ ਲਈ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਵਧਾਈ ਜਾਵੇ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ. ਜੀ. ਪੀ. ਨੂੰ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- ਫਰੀਦਕੋਟ ਦੇ ਮਹਾਰਾਜਾ ਦੀ ਜਾਇਦਾਦ ਨੂੰ ਆਪਣੇ ਕਬਜ਼ੇ 'ਚ ਲਵੇਗੀ ਸਰਕਾਰ! ਸ਼ੁਰੂ ਹੋਈ ਕਾਰਵਾਈ

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਉੱਘੇ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਜਾਂ ਕੰਮ ਨਾ ਕੀਤੇ ਜਾਣ ਖ਼ਿਲਾਫ਼ ਕਈ ਆਗੂ ਹਾਈ ਕੋਰਟ ਪਹੁੰਚੇ ਸਨ। ਉਸ ਸਮੇਂ ਸਰਕਾਰ ਵਲੋਂ ਅਦਾਲਤ ਨੂੰ ਕਿਹਾ ਗਿਆ ਸੀ ਕਿ ਸੁਰੱਖਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਪਿੰਕੀ ਦੀ ਸੁਰੱਖਿਆ ਵਾਪਸ ਲਈ ਗਈ ਹੈ, ਜੋ ਕਿ ਸਰਕਾਰ ’ਤੇ ਆਰਥਿਕ ਬੋਝ ਸੀ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸਿਰਫ਼ ਸ਼ਾਨ ਅਤੇ ਰੋਹਬ ਦਿਖਾਉਣ ਲਈ ਕਈ ਵੀ. ਆਈ. ਪੀ. ਸੁਰੱਖਿਆ ਦੀ ਵਰਤੋਂ ਕਰ ਰਹੇ ਸਨ, ਜਿਸ ਦੀ ਸਮੀਖਿਆ ਕਰਨ ਤੋਂ ਬਾਅਦ ਸਾਰਿਆਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਾਂ ਘਟਾ ਦਿੱਤੀ ਗਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਪਰਮਿੰਦਰ ਪਿੰਕੀ ਕੋਲ ਵਾਈ ਪਲੱਸ ਸੁਰੱਖਿਆ ਸੀ, ਜਿਸ ਵਿਚ 28 ਪੁਲਸ ਮੁਲਾਜ਼ਮ ਅਤੇ ਕਈ ਵਾਹਨ ਸਨ, ਜਿਨ੍ਹਾਂ ਦੀ ਉਸ ਨੂੰ ਲੋੜ ਨਹੀਂ ਸੀ।

ਇਹ ਵੀ ਪੜ੍ਹੋ- ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਖ਼ਿਲਾਫ਼ ਖੋਲ੍ਹਿਆ ਮੋਰਚਾ, ਤਸਵੀਰ ਸਾਂਝੀ ਕਰ ਚੁੱਕੇ ਵੱਡੇ ਸਵਾਲ

ਪਿੰਕੀ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਵਿਅਕਤੀ ਨੂੰ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਹਨ ਅਤੇ ਅੱਤਵਾਦੀ ਉਸ ਨੂੰ ਮਾਰਨ ’ਤੇ ਤੁਲੇ ਹੋਏ ਹਨ, ਜਿਸ ਨੂੰ ਪਿਛਲੀਆਂ ਸਰਕਾਰਾਂ ਵਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ, ਉਸ ਵਿਅਕਤੀ ਨੂੰ ਸਰਕਾਰ ਬਦਲਦੇ ਹੀ ਖਤਰਾ ਕਿਵੇਂ ਖ਼ਤਮ ਹੋ ਗਿਆ ਸਮਝ ਤੋਂ ਪਰ੍ਹੇ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਪੰਜਾਬ ਵਿਚ ਅੱਤਵਾਦ ਦੇ ਦਿਨਾਂ ਦੌਰਾਨ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ ਅਤੇ ਆਸ-ਪਾਸ ਦੇ ਜ਼ਿਲਿਆਂ ਵਿਚ ਅੱਤਵਾਦ ਖਿਲਾਫ ਆਵਾਜ਼ ਉਠਾਉਂਦੇ ਰਹੇ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੇ ਕਰੀਬੀ ਰਹੇ ਹਨ ਅਤੇ ਉਨ੍ਹਾਂ ਦੇ ਪੋਤਰੇ ਅਤੇ ਵਿਧਾਇਕ ਗੁਰਕੀਰਤ ਦੇ ਕਰੀਬੀ ਦੋਸਤ ਵੀ ਹਨ, ਜਿਸ ਕਾਰਨ ਉਹ ਹਮੇਸ਼ਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹੇ ਹਨ। ਇਸ ਤੋਂ ਪਹਿਲਾਂ ਮਈ 2022 ਵਿਚ ਹਾਈ ਕੋਰਟ ਨੇ ਖੁਦ ਪਰਮਿੰਦਰ ਸਿੰਘ ਪਿੰਕੀ ਦੀ ਸੁਰੱਖਿਆ ਵਿਚ ਲੱਗੇ 27 ਸੁਰੱਖਿਆ ਮੁਲਾਜ਼ਮਾਂ ਨੂੰ ਹਟਾ ਕੇ 2 ਸੁਰੱਖਿਆ ਮੁਲਾਜ਼ਮ ਦੇਣ ਦੇ ਹੁਕਮ ਪਾਸ ਕੀਤੇ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto