ਡੀ. ਸੀ. ਵੱਲੋਂ ਹੈਲਥ ਸੈਂਟਰਾਂ ਦੀ ਅਚਨਚੇਤ ਚੈਕਿੰਗ

03/29/2019 4:38:46 AM

ਫਿਰੋਜ਼ਪੁਰ (ਦਲਜੀਤ)-ਸਿਵਲ ਸਰਜਨ ਫਿਰੋਜ਼ਪੁਰ ਡਾ. ਰਜਿੰਦਰ ਕੁਮਾਰ ਵੱਲੋਂ ਸੀ. ਐੱਚ. ਸੀ. ਫਿਰੋਜ਼ਸ਼ਾਹ ਸਮੇਤ ਪੀ. ਐੱਚ. ਸੀ. ਮੁੱਦਕੀ, ਪੀ.ਐੱਚ. ਸੀ. ਤਲਵੰਡੀ ਭਾਈ ਅਤੇ ਸਬ-ਸੈਂਟਰ ਸੋਢੀ ਨਗਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਮੌਜੂਦ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਦਿਆਂ ਲੋਕਾਂ ਨੂੰ ਸਿਹਤ ਸਹੂਲਤਾਂ ਦਿਵਾਉਣ ’ਚ ਯੋਗਦਾਨ ਪਾਉਣ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਲੋਡ਼ਵੰਦ ਲੋਕ ਹੀ ਸਰਕਾਰੀ ਸਿਹਤ ਕੇਂਦਰਾਂ ਵਿਚ ਪਹੁੰਚ ਕਰਦੇ ਹਨ ਅਤੇ ਇਹ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਹਰੇਕ ਵਿਅਕਤੀ ਨਾਲ ਮਿੱਠ ਬੋਲਡ਼ਾ ਹੋ ਉਨ੍ਹਾਂ ਦੀਆਂ ਤਕਲੀਫਾਂ ਨੂੰ ਸਮਝ ਕੇ ਬਣਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰੀਏ। ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿਚ ਮਾਹਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ। ਆਮ ਲੋਕਾਂ ਨੂੰ ਸਰਕਾਰੀ ਹਸਪਤਾਲਾਂ ’ਚੋਂ ਸਿਹਤ ਸਹੂਲਤਾਂ ਪ੍ਰਾਪਤ ਕਰਨ ਦੀ ਅਪੀਲ ਕਰਦਿਆਂ ਸਿਵਲ ਸਰਜਨ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਸਿਹਤ ਕੇਂਦਰਾਂ ਵਿਚ ਹਰੇਕ ਵਿਅਕਤੀ ਨੂੰ ਪਹਿਲ ਦੇ ਆਧਾਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਸਟਾਫ ਨੂੰ ਸਮੇਂ ’ਤੇ ਆਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਮੁਲਾਜ਼ਮ ਖਾਸ ਕਰ ਕੇ ਸਿਹਤ ਵਿਭਾਗ ਦੇ ਮੁਲਾਜ਼ਮ ਸਮਾਜ ਦੀ ਤੰਦਰੁਸਤੀ ਲਈ ਯੋਗਦਾਨ ਪਾ ਸਕਦੇ ਹਨ, ਇਸ ਲਈ ਹਰੇਕ ਮੁਲਾਜ਼ਮ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਮਰੀਜ਼ਾਂ ਦਾ ਕੌਂਸਲਿੰਗ ਰਾਹੀਂ ਇਲਾਜ ਕਰਨ ਕਿਉਂਕਿ ਦਵਾਈ ਵਾਂਗ ਸਹੀ ਜਾਣਕਾਰੀ ਵੀ ਮਰੀਜ਼ ਨੂੰ ਬੀਮਾਰੀ ਤੋਂ ਬਾਹਰ ਕੱਢਣ ’ਚ ਕਾਫੀ ਸਹਾਈ ਸਿੱਧ ਹੁੰਦੀ ਹੈ। ਕਮਿਊਨਿਟੀ ਹੈਲਥ ਸੈਂਟਰ ਦੀ ਚੈਕਿੰਗ ਉਪਰੰਤ ਸਿਵਲ ਸਰਜਨ ਵੱਲੋਂ ਹਸਪਤਾਲ ’ਚ ਜ਼ੇਰੇ ਇਲਾਜ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਗਿਆ ਤੇ ਉਨ੍ਹਾਂ ਨੂੰ ਸਿਹਤ ਸਕੀਮਾਂ ਬਾਰੇ ਖੁਦ ਜਾਣਕਾਰੀ ਵੀ ਦਿੱਤੀ ਗਈ।