ਗੋਲੀ ਚਲਾਉਣ ਵਾਲੇ ਨੂੰ ਆਏ ਚੱਕਰ, ਨਹੀਂ ਹੋਏ ਬਿਆਨ

06/24/2017 7:34:18 AM

ਜਲੰਧਰ(ਰਾਜੇਸ਼)-ਚੁਨਮੁਨ ਮਾਲ ਦੇ ਬਾਹਰ ਝਗੜੇ ਤੋਂ ਬਾਅਦ ਨੌਜਵਾਨਾਂ 'ਤੇ ਸਿੱਧੇ ਫਾਇਰ ਕਰਨ ਵਾਲਾ ਨੌਜਵਾਨ ਅਜੇ ਬਿਆਨ ਦੇਣ ਲਈ ਫਿਟ ਨਹੀਂ ਹੋ ਸਕਿਆ ਹੈ। ਲਾਇਸੈਂਸੀ ਰਿਵਾਲਵਰ ਨਾਲ ਨੌਜਵਾਨਾਂ ਦੇ ਪਿੱਛੇ ਭੱਜ ਕੇ ਗੋਲੀਆਂ ਚਲਾਉਣ ਵਾਲਾ ਨੌਜਵਾਨ ਹੁਣ ਬੈੱਡ ਤੋਂ ਨਹੀਂ ਉਠ ਰਿਹਾ ਹੈ। ਡਾਕਟਰ ਵੀ ਉਸ ਨੂੰ ਅਜੇ ਅਨਫਿਟ ਕਰਾਰ ਦੇ ਰਹੇ ਹਨ। ਦੇਰ ਸ਼ਾਮ ਨੂੰ ਗੋਲੀ ਚਲਾਉਣ ਵਾਲਾ ਨੌਜਵਾਨ ਨਵਦੀਪ ਫਿਟ ਸੀ ਪਰ ਜਿਵੇਂ ਹੀ ਪੁਲਸ ਉਸ ਦੇ ਬਿਆਨ ਲੈਣ ਹਸਪਤਾਲ ਪਹੁੰਚੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਚੱਕਰ ਆ ਰਹੇ ਹਨ, ਜਿਸ ਤੋਂ ਬਾਅਦ ਪੁਲਸ ਕਾਫੀ ਦੇਰ ਤੱਕ ਉਸ ਦੇ ਉਠਣ ਦਾ ਇੰਤਜ਼ਾਰ ਕਰ ਕੇ ਵਾਪਸ ਪਰਤ ਗਈ। ਏ. ਡੀ. ਸੀ. ਪੀ. ਸੂਡਰ ਵਿਜੀ ਨੇ ਦੱਸਿਆ ਕਿ ਨਵਦੀਪ ਨੂੰ ਅੱਜ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਫਿਟ ਦੱਸਿਆ ਸੀ, ਜਿਸ ਤੋਂ ਬਾਅਦ ਥਾਣਾ 6 ਦੀ ਪੁਲਸ ਉਸ ਦੇ ਬਿਆਨ ਦਰਜ ਕਰਵਾਉਣ ਸਿਵਲ ਹਸਪਤਾਲ ਪਹੁੰਚੀ ਤਾਂ ਨਵਦੀਪ ਪੁਲਸ ਨੂੰ ਦੇਖ ਕੇ ਕਹਿਣ ਲੱਗਾ ਕਿ ਅਜੇ ਉਹ ਫਿਟ ਨਹੀਂ ਹੈ, ਉਸ ਨੂੰ ਚੱਕਰ ਆ ਰਹੇ ਹਨ।
ਏ. ਡੀ. ਸੀ. ਪੀ. ਸੂਡਰ ਵਿਜੀ ਨੇ ਦੱਸਿਆ ਕਿ ਨਵਦੀਪ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ ਅਤੇ ਉਸ ਦੇ ਬਿਆਨ ਲੈਣੇ ਅਜੇ ਬਾਕੀ ਹਨ। ਜਿਵੇਂ ਹੀ ਨਵਦੀਪ ਨੂੰ ਡਾਕਟਰ ਫਿਟ ਕਰਾਰ ਦੇ ਦੇਣਗੇ, ਉਸ ਦੇ ਬਿਆਨ ਲੈ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਉਸ ਨੂੰ ਚੱਕਰ ਆਉਣ ਕਾਰਨ  ਬਿਆਨ ਨਹੀਂ ਲਏ ਜਾ ਸਕੇ। ਕੱਲ ਹਰ ਹਾਲ ਵਿਚ ਨਵਦੀਪ ਦੇ ਬਿਆਨ ਦਰਜ ਕਰ ਕੇ ਦੂਸਰੀ ਧਿਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਵਦੀਪ ਨੂੰ ਰਿਵਾਲਵਰ ਦਾ ਲਾਇਸੈਂਸ ਦੇਣ ਵਾਲੇ ਏ. ਸੀ. ਪੀ. 'ਤੇ ਡਿੱਗ ਸਕਦੀ ਹੈ ਗਾਜ : ਸ਼ਰੇਆਮ ਲਾਇਸੈਂਸੀ ਰਿਵਾਲਵਰ ਲਹਿਰਾ ਕੇ ਵਿਚ ਸੜਕ 'ਤੇ ਭੱਜ ਕੇ ਗੋਲੀ ਚਲਾਉਣ ਵਾਲੇ ਨਵਦੀਪ ਨੂੰ ਲਾਇਸੈਂਸ ਦੇਣ ਵਾਲੇ ਏ. ਸੀ. ਪੀ. 'ਤੇ ਗਾਜ ਡਿੱਗ ਸਕਦੀ ਹੈ। ਨਵਦੀਪ ਨੂੰ ਰਿਵਾਲਵਰ ਦੇ ਲਾਇਸੈਂਸ ਦੀ ਕੀ ਜ਼ਰੂਰਤ ਸੀ ਅਤੇ ਬਿਨਾਂ ਕਿਸੇ ਕਾਰਨ ਉਸ ਨੂੰ ਅਸਲਾ ਕਿਵੇਂ ਮਿਲਿਆ, ਇਸ ਗੱਲ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀ ਕਰ ਰਹੇ ਹਨ। ਸੂਤਰਾਂ ਮੁਤਾਬਕ ਨਵਦੀਪ ਇਕ ਏ. ਸੀ. ਪੀ. ਰੈਂਕ ਦੇ ਅਧਿਕਾਰੀ ਦਾ ਖਾਸ ਬਣਿਆ ਹੋਇਆ ਸੀ, ਜੋ ਕਾਰ ਵਿਚ ਵੀ ਉਸ ਦੇ ਨਾਲ ਘੁੰਮਦਾ ਸੀ। ਏ. ਸੀ. ਪੀ. ਨੇ ਆਪਣੀ ਯਾਰੀ ਨਿਭਾਉਣ ਦੇ ਚੱਕਰ ਵਿਚ ਨਵਦੀਪ ਦਾ ਅਸਲਾ ਲਾਇਸੈਂਸ ਪਿਛਲੇ ਸਾਲ ਬਣਵਾ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਨਵਦੀਪ ਨੂੰ ਅਸਲਾ ਲਾਇਸੈਂਸ ਦੇਣ ਵਾਲਾ ਏ. ਸੀ. ਪੀ. ਰੈਂਕ ਦਾ ਇਕ ਅਧਿਕਾਰੀ ਹੀ ਪਿਛਲੇ ਸਾਲ ਅਸਲਾ ਲਾਇਸੈਂਸ ਦਾ ਸਾਰਾ ਕੰਮ ਦੇਖ ਰਿਹਾ ਸੀ। ਹੁਣ ਪੁਲਸ ਅਧਿਕਾਰੀ ਏ. ਸੀ. ਪੀ. ਦੀ ਇਸ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਨ।