ਬਿਜਲੀ ਕਾਮਿਆਂ ਫੂਕੀ ਸਰਕਾਰ ਦੀ ਅਰਥੀ

01/02/2018 1:39:51 AM

ਬਾਘਾਪੁਰਾਣਾ,   (ਰਾਕੇਸ਼)-  ਪੀ. ਐੱਸ. ਈ. ਬੀ. ਇੰਪਲਾਈਜ਼ ਫੋਰਮ ਬਾਘਾਪੁਰਾਣਾ ਨੇ ਪੰਜਾਬ ਜੁਆਇੰਟ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਐਕਸੀਅਨ ਬਾਘਾਪੁਰਾਣਾ ਦੇ ਦਫਤਰ ਦੇ ਮੂਹਰੇ ਅਰਥੀ ਫੂਕ ਕੇ ਰੋਸ ਰੈਲੀ ਕੀਤੀ। ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟ ਬੰਦ ਕਰਨ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਬਿਜਲੀ ਮੁਲਾਜ਼ਮ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ। ਡਵੀਜ਼ਨ ਬਾਘਾਪੁਰਾਣਾ ਦੇ ਜੁਆਇੰਟ ਫੋਰਮ ਦੇ ਨੇਤਾਵਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦ ਤੱਕ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤਦ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਬੰਦ ਕਰ ਕੇ ਪੰਜਾਬ ਸਰਕਾਰ ਨੇ ਪਾਵਰਕਾਮ ਅਤੇ ਕਰਮਚਾਰੀਆਂ ਦੇ ਨਾਲ ਧੋਖਾ ਕੀਤਾ, ਜੇਕਰ ਸਰਕਾਰ ਨੇ ਥਰਮਲ ਪਲਾਂਟ ਦੁਆਰਾ ਚਾਲੂ ਨਾ ਕੀਤੇ ਤਾਂ ਬਿਜਲੀ ਮੁਲਾਜ਼ਮ ਚੁੱਪ ਕਰ ਕੇ ਨਹੀਂ ਬੈਠਣਗੇ। ਵੱਖ-ਵੱਖ ਆਗੂਆਂ ਨੇ ਕਿਹਾ ਕਿ ਦਫਤਰਾਂ ਅਤੇ ਫੀਲਡ 'ਚ ਮੁਲਾਜ਼ਮਾਂ ਦੀ ਬੇਹੱਦ ਕਮੀ ਹੈ। ਇਸ ਕਰਕੇ ਬਿਜਲੀ ਮੁਲਾਜ਼ਮਾਂ ਵੱਲੋਂ ਦਿਨ-ਰਾਤ ਇਕ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ। ਜੁਆਇੰਟ ਫੋਰਮ ਦੇ ਨੇਤਾਵਾਂ ਨੇ ਐਲਾਨ ਕੀਤਾ ਕਿ ਆਉਂਦੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜੇਕਰ ਇਸ ਦੌਰਾਨ ਬਿਜਲੀ ਸਪਲਾਈ 'ਚ ਜਾਂ ਦਫਤਰੀ ਕਾਰਜਾਂ 'ਚ ਵਿਘਨ ਪੈਂਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਅਤੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ।  ਇਸ ਮੌਕੇ ਜਸਵੀਰ ਸਿੰਘ, ਮੁਨੀਸ਼ ਕੋਹਲੀ, ਨਛੱਤਰ ਸਿੰਘ, ਪਾਲ ਸਿੰਘ, ਪਾਲ ਸਿੰਘ ਰਾਉਕੇ, ਅਵਤਾਰ ਸਿੰਘ ਘੋਲੀਆ, ਗੁਰਮੇਲ ਸਿੰਘ ਰਾਜੇਆਣਾ ਤੋਂ ਇਲਾਵਾ ਵੱਡੀ ਗਿਣਤੀ 'ਚ ਪੀ. ਐੱਸ. ਈ. ਬੀ. ਇੰਪਲਾਈਜ਼ ਫੋਰਮ ਦੇ ਆਗੂ ਤੇ ਅਹੁਦੇਦਾਰ ਹਾਜ਼ਰ ਸਨ।
ਬੱਧਨੀ ਕਲਾਂ,  (ਬੱਬੀ)-ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਪਲਾਂਟ ਦੇ ਦੋ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਵਿਰੋਧ 'ਚ ਸਬ-ਡਵੀਜ਼ਨ ਬੱਧਨੀ ਕਲਾਂ ਦੇ ਬਿਜਲੀ ਕਾਮਿਆਂ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਅੱਜ ਵਿਸ਼ਾਲ ਰੋਸ ਰੈਲੀ ਕੀਤੀ ਗਈ ਤੇ ਸਥਾਨਕ ਸ਼ਹਿਰ ਦੇ ਲੋਪੋਂ ਚੌਕ 'ਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜ਼ਮਾਂ ਆਗੂਆਂ ਗੁਰਮੀਤ ਸਿੰਘ ਡਾਲਾ ਸਬ-ਡਵੀਜ਼ਨ ਪ੍ਰਧਾਨ, ਮੱਖਣ ਸਿੰਘ ਡਵੀਜ਼ਨ ਪ੍ਰਧਾਨ, ਗੁਰਚਰਨ ਸਿੰਘ ਬੁੱਟਰ ਡਵੀਜ਼ਨ ਆਗੂ, ਸੇਵਕ ਸਿੰਘ, ਗੁਰਮੇਲ ਸਿੰਘ ਭੱਟੀ ਢੁੱਡੀਕੇ, ਮੁਖਤਿਆਰ ਸਿੰਘ ਲੋਪੋਂ, ਅਮਰਜੀਤ ਸਿੰਘ ਬੋਡੇ, ਕੌਰ ਚੰਦ, ਜਰਨੈਲ ਸਿੰਘ, ਤੀਰਥ ਸਿੰਘ, ਗੁਰਿੰਦਰ ਸਿੰਘ ਅਤੇ ਫੈੱਡਰੇਸ਼ਨ ਏਟਕ ਦੇ ਸਬ-ਡਵੀਜ਼ਨ ਪ੍ਰਧਾਨ ਦਰਬਾਰਾ ਸਿੰਘ, ਜਗਤਾਰ ਸਿੰਘ ਆਦਿ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਦਿਆਂ ਪਾਵਰਕਾਮ ਦੇ ਘਾਟੇ ਦੀ ਆੜ 'ਚ ਬਿਜਲੀ ਦਿਨੋ-ਦਿਨ ਬੇਹੱਦ ਮਹਿੰਗੀ ਕੀਤੀ ਜਾ ਰਹੀ ਹੈ ਤੇ ਬਿਜਲੀ ਮੁਲਾਜ਼ਮਾਂ ਦੀ ਛਾਂਟੀ ਕਰਦਿਆਂ ਚਲ ਰਹੇ ਬਿਜਲੀ ਪ੍ਰਾਜੈਕਟ ਬੰਦ ਕੀਤੇ ਜਾ ਰਹੇ ਹਨ, ਜਿਸ ਦੀ ਮਿਸਾਲ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਪਲਾਂਟ ਦੇ ਦੋ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਤੋਂ ਮਿਲਦੀ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ 'ਚ ਭਾਵੇਂ ਸਰਕਾਰ ਬਦਲ ਗਈ ਹੈ ਪਰ ਨੀਤੀਆਂ ਹਾਲੇ ਵੀ ਨਹੀਂ ਬਦਲੀਆਂ ਹਨ। ਅੱਜ ਦੀ ਇਸ ਰੋਸ ਰੈਲੀ 'ਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ, ਜਗਜੀਤ ਸਿੰਘ ਰਾਮਾ ਜਨਰਲ ਸਕੱਤਰ ਆਦਿ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਧਰਮਕੋਟ, (ਸਤੀਸ਼)-ਸਥਾਨਕ ਸਬ-ਡਵੀਜ਼ਨ ਦੇ ਸਮੂਹ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਿਜਲੀ ਕਾਮੇ ਮੰਗ ਕਰ ਰਹੇ ਸਨ ਕਿ ਦੋਵਾਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ।  
ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਚਮਕੌਰ ਸਿੰਘ ਪ੍ਰਧਾਨ ਨੇ ਕਿਹਾ ਕਿ ਜੋ ਵੀ ਜਥੇਬੰਦੀਆਂ ਨੇ ਸੰਘਰਸ਼ ਦਾ ਫੈਸਲਾ ਕੀਤਾ ਹੈ, ਧਰਮਕੋਟ ਦੇ ਸਮੂਹ ਬਿਜਲੀ ਕਾਮੇ ਇਸ ਸੰਘਰਸ਼ 'ਚ ਵਧ-ਚੜ੍ਹ ਕੇ ਭਾਗ ਲੈਣਗੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸਮੇਂ ਜਗਦੀਸ਼ ਸਿੰਘ ਲੋਹਗੜ੍ਹ, ਚਮਕੌਰ ਸਿੰਘ, ਅਮਰਜੀਤ ਸਿੰਘ, ਬਿੱਕਰ ਸਿੰਘ, ਬਲਤੇਜ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।
ਕੋਟ ਈਸੇ ਖਾਂ, (ਗਰੋਵਰ, ਸੰਜੀਵ)-ਪੀ. ਐੱਸ. ਈ. ਬੀ. ਇੰਪਲਾਈਜ਼ ਸਾਂਝੇ ਫੋਰਮ ਪੰਜਾਬ ਦੇ ਸੱਦੇ 'ਤੇ ਅੱਜ ਟੈਕਨੀਕਲ ਸਰਵਿਸ ਯੂਨੀਅਨ ਸ/ਡ ਕੋਟ ਈਸੇ ਖਾਂ ਵਿਖੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਦੇ ਯੂਨਿਟਾਂ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਅਰਥੀ ਫੂਕੀ ਗਈ ਅਤੇ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਥੀ ਇੰਦਰਜੀਤ ਸਿੰਘ ਪ੍ਰਧਾਨ ਸਿਟੀ ਮੋਗਾ, ਸੁਖਮੰਦਰ ਸਿੰਘ ਸਕੱਤਰ ਸਿਟੀ ਮੋਗਾ, ਸਾਥੀ ਬਲਵਿੰਦਰ ਸਿੰਘ ਸਾਬਕਾ ਪ੍ਰਧਾਨ ਸਿਟੀ ਮੋਗਾ, ਕੇਸਰ ਸਿੰਘ ਮੀਤ ਪ੍ਰਧਾਨ ਸਰਕਲ ਅਤੇ ਸ/ਡ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਬ-ਕਮੇਟੀ ਬਣਾ ਕੇ ਬਠਿੰਡਾ ਥਰਮਲ ਪਲਾਂਟ ਦੇ ਚਾਰ ਯੂਨਿਟ ਅਤੇ ਸੁਪਰ ਥਰਮਲ ਪਲਾਂਟ ਰੋਪੜ ਦੇ 2 ਯੂਨਿਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਦਕਿ ਪਿਛਲੇ ਸਮੇਂ 'ਚ ਦੋਵਾਂ ਥਰਮਲ ਪਲਾਂਟਾਂ ਉਪਰ ਲਗਭਗ 75 ਕਰੋੜ ਰੁਪਏ ਖਰਚ ਕਰ ਕੇ ਰਿਪੇਅਰ ਕੀਤੀ ਗਈ ਪਰ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਚਿੱਠੀ ਦਾ ਬਹਾਨਾ ਬਣਾ ਕੇ ਬੰਦ ਕਰਨ ਦਾ ਫੈਸਲਾ ਬਹੁਤ ਮੰਦਭਾਗਾ ਹੈ। ਸਾਥੀ ਸੇਵਕ ਸਿੰਘ ਮੀਤ ਪ੍ਰਧਾਨ, ਸਾਥੀ ਪ੍ਰਦੀਪ ਕੁਮਾਰ ਸਹਾਇਕ ਸਕੱਤਰ, ਸਾਥੀ ਰਣਬੀਰ ਸਿੰਘ ਖਜ਼ਾਨਚੀ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਜੇਕਰ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸਾਂਝੇ ਫੋਰਮ ਦੇ ਉਲੀਕੇ ਪ੍ਰੋਗਰਾਮ ਮੁਤਾਬਕ 03-01-2018 ਨੂੰ ਦੋਵਾਂ ਥਰਮਲ ਪਲਾਂਟਾਂ ਬਠਿੰਡਾ ਅਤੇ ਰੋਪੜ ਅੱਗੇ ਧਰਨਾ ਲਾਇਆ ਜਾਵੇਗਾ। ਆਗੂਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਸਾਂਝੇ ਫੋਰਮ ਨਾਲ ਕੀਤਾ ਸਮਝੌਤਾ ਲਾਗੂ ਕੀਤਾ ਜਾਵੇ। ਸਟੇਜ ਦੀ ਕਾਰਵਾਈ ਸਾਥੀ ਪ੍ਰਗਟ ਸਿੰਘ ਸਕੱਤਰ ਵੱਲੋਂ ਨਿਭਾਈ ਗਈ।
ਬੱਧਨੀ ਕਲਾਂ,  (ਮਨੋਜ)-ਸੂਬਾ ਕਮੇਟੀ ਦੇ ਸੱਦੇ 'ਤੇ ਬਿਜਲੀ ਕਾਮਿਆਂ ਵੱਲੋਂ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਪਲਾਂਟ ਦੇ 2 ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਸਬੰਧੀ ਸਬ-ਡਵੀਜ਼ਨ ਪਾਵਰਕਾਮ ਬੱਧਨੀ ਕਲਾਂ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ 'ਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ, ਜਿਸ 'ਚ ਕਿਹਾ ਗਿਆ ਕਿ ਸਰਕਾਰ ਵੱਲੋਂ ਘਾਟੇ ਦਾ ਬਹਾਨਾ ਬਣਾ ਕੇ ਮੁਲਾਜ਼ਮਾਂ ਨੂੰ ਛਾਂਟਿਆ ਜਾ ਰਿਹਾ ਹੈ ਤੇ ਲੋਕਾਂ 'ਤੇ ਬਿਜਲੀ ਮਹਿੰਗੀ ਕਰ ਕੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਸਨਅਤੀ ਅਤੇ ਆਰਥਿਕ ਨੀਤੀਆਂ ਤਹਿਤ ਪ੍ਰਾਈਵੇਟ ਪਲਾਂਟਾਂ ਨਾਲ ਤੈਅ ਕੀਤਾ ਗਿਆ ਕਿ ਸਰਕਾਰ ਵੱਲੋਂ ਪ੍ਰਾਈਵੇਟ ਪਲਾਂਟਾਂ ਤੋਂ ਬਿਜਲੀ ਲੈ ਕੇ ਉਨ੍ਹਾਂ ਨੂੰ ਮੁਨਾਫਾ ਦਿੱਤਾ ਜਾਵੇਗਾ, ਜਿਸ ਕਾਰਨ ਸਰਕਾਰੀ ਪਲਾਂਟਾਂ ਨੂੰ ਬੰਦ ਕਰ ਕੇ ਨਿੱਜੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋਣੀ ਹੈ ਪਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਬਠਿੰਡਾ ਥਰਮਲ ਪਲਾਂਟ ਦਾ ਨਵੀਨੀਕਰਨ ਕਰ ਕੇ 720 ਕਰੋੜ ਰੁਪਏ ਖਰਚ ਕੇ ਇਸ ਦੀ ਮਿਆਦ 2029 ਤੱਕ ਕੀਤੀ ਗਈ ਸੀ। ਬਿਜਲੀ ਮਹਿੰਗੀ ਹੋਣ ਦਾ ਬਹਾਨਾ ਬਣਾ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨਾਂ 'ਚ ਆਏ ਪ੍ਰੈੱਸ ਨੋਟ 'ਚ ਥਰਮਲ ਪਲਾਂਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਫੈਸਲੇ ਦੀ ਨਿੰਦਾ ਕੀਤੀ ਜਾਂਦੀ ਹੈ, ਜਦਕਿ ਇਸੇ ਵਿੱਤ ਮੰਤਰੀ ਵੱਲੋਂ ਆਪਣੇ ਚੋਣ ਮੈਨੀਫੈਸਟੋ 'ਚ ਲਿਖਿਆ ਗਿਆ ਸੀ ਕਿ ਸਾਡੀ ਸਰਕਾਰ ਆਉਣ 'ਤੇ ਇਨ੍ਹਾਂ ਥਰਮਲ ਪਲਾਂਟਾਂ ਨੂੰ ਚਾਲੂ ਰੱਖਿਆ ਜਾਵੇਗਾ ਪਰ ਅੱਜ ਇਹ ਮੈਨੀਫੈਸਟੋ ਤੋਂ ਭੱਜ ਰਹੇ ਹਨ। 
ਇਸ ਮੁਜ਼ਾਹਰੇ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਦੇ ਬੱਧਨੀ ਕਲਾਂ ਦੇ ਪ੍ਰਧਾਨ ਗੁਰਮੀਤ ਸਿੰਘ ਬਾਵਾ, ਡਵੀਜ਼ਨ ਪ੍ਰਧਾਨ ਮੱਖਣ ਸਿੰਘ, ਸਕੱਤਰ ਮੁਖਤਿਆਰ ਸਿੰਘ ਲੋਪੋਂ, ਅਮਰਜੀਤ ਸਿੰਘ ਬੌਡੇ, ਕੌਰ ਚੰਦ, ਜਰਨੈਲ ਸਿੰਘ, ਸਰਕਲ ਕੈਸ਼ੀਅਰ ਤੀਰਥ ਸਿੰਘ, ਸਰਕਲ ਆਗੂ ਗੁਰਿੰਦਰ ਸਿੰਘ, ਫੈੱਡਰੇਸ਼ਨ ਏਟਕ ਪ੍ਰਧਾਨ ਦਰਬਾਰਾ ਸਿੰਘ, ਡਵੀਜ਼ਨ ਆਗੂ ਗੁਰਚਰਨ ਸਿੰਘ ਬੁੱਟਰ, ਰਿਟਾਇਰਡ ਸਾਥੀ ਕੇਵਲ ਕ੍ਰਿਸ਼ਨ, ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੂਟਾ ਸਿੰਘ ਭਾਗੀਕੇ ਸਕੱਤਰ, ਸੁਦਾਗਰ ਸਿੰਘ ਖਾਈ, ਬੰਤ ਸਿੰਘ ਬੱਧਨੀ, ਅਮਰਜੀਤ ਸਿੰਘ ਸੈਦੋਕੇ ਜ਼ਿਲਾ ਪ੍ਰਧਾਨ ਆਦਿ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਜੇਕਰ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਮੁਲਾਜ਼ਮ ਲੰਬੇ ਅਤੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਥਰਮਲ ਪਲਾਂਟ ਦੇ ਮੁਲਾਜ਼ਮਾਂ ਵੱਲੋਂ 3 ਜਨਵਰੀ ਨੂੰ ਬਠਿੰਡੇ 'ਚ ਪੱਕੇ ਤੌਰ 'ਤੇ ਲਾਏ ਧਰਨੇ 'ਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।