ਕਰਿਆਨਾ ਸਟੋਰ ''ਚ ਦਿਨ ਚੜ੍ਹਦਿਆਂ ਹੀ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਸਮਾਨ ਸੜ ਕੇ ਸੁਆਹ

12/16/2020 11:42:05 AM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੀ ਮੱਲਵਾਲ ਰੋਡ ਸਥਿਤ ਬਜਾਜ ਬ੍ਰਦਰਜ਼ ਕਰਿਆਨਾ ਸਟੋਰ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ ਸਟੋਰ 'ਚ ਪਿਆ ਲੱਖਾਂ ਰੁਪਏ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਪਹੁੰਚ ਕੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

ਸਟੋਰ ਦੇ ਮਾਲਕ, ਉਨ੍ਹਾਂ ਦੇ ਰਿਸ਼ਤੇਦਾਰ ਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਅੱਗ 'ਤੇ ਕਾਬੂ ਪਾਉਣ 'ਚ ਸਖ਼ਤ ਮਿਹਨਤ ਕੀਤੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐਸ. ਆਈ. ਸ਼ਰਮਾ ਸਿੰਘ ਦੀ ਅਗਵਾਈ ਹੇਠ ਪੁਲਸ ਘਟਨਾ ਸਥਾਨ 'ਤੇ ਪਹੁੰਚ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਜਾਜ ਬ੍ਰਦਰਜ਼ ਕਰਿਆਨਾ ਸਟੋਰ ਦੇ ਉੱਪਰ ਗੋਦਾਮ ਬਣਿਆ ਹੋਇਆ ਹੈ, ਜਿਸ 'ਚ ਕਾਜੂ, ਬਦਾਮ, ਸੋਗੀ ਤੇ ਹੋਰ ਲੱਖਾ ਰੁਪਏ ਦਾ ਕੀਮਤੀ ਸਮਾਨ ਪਿਆ ਸੀ।

ਅਚਾਨਕ ਗੋਦਾਮ 'ਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਆਸ-ਪਾਸ ਦੇ ਲੋਕਾਂ ਨੇ  ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਅੱਗ ਤੇਜ਼ੀ ਨਾਲ ਵੱਧ ਰਹੀ ਸੀ। ਦੁਕਾਨ ਮਾਲਕ ਅਤੇ ਉਸ ਦੇ ਰਿਸ਼ਤੇਦਾਰਾਂ ਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਸਖ਼ਤ ਮਿਹਨਤ ਕਰਦਿਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤੱਕ ਗੋਦਾਮ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਦੋਂ ਕਿ ਪਾਣੀ ਡਿੱਗਣ ਨਾਲ ਕਰਿਆਨਾ ਸਟੋਰ 'ਚ ਹੇਠਾਂ ਪਿਆ ਲੱਖਾਂ ਰੁਪਏ ਦਾ ਸਮਾਨ ਵੀ ਨੁਕਸਾਨਿਆ ਗਿਆ।

ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਜ਼ੋਰ ਫੜ੍ਹ ਰਹੀ ਸੀ ਤੇ ਜਦ ਉਹ ਪਹੁੰਚੇ ਤਾਂ ਲਪਟਾਂ ਤੇਜ਼ੀ ਨਾਲ ਉੱਪਰ ਉੱਠ ਰਹੀਆਂ ਸਨ ਅਤੇ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਕਰਦੇ ਹੋਏ ਅੱਗ 'ਤੇ ਕਾਬੂ ਪਾਇਆ,ਜਿਸ ਨਾਲ ਆਸ-ਪਾਸ ਦੇ ਸ਼ੋਅਰੂਮਾਂ ਨੂੰ ਵੀ ਬਚਾ ਲਿਆ ਗਿਆ।

Babita

This news is Content Editor Babita