ਮੋਹਾਲੀ : ਕੈਮੀਕਲ ਫੈਕਟਰੀ ''ਚ ਭਿਆਨਕ ਅੱਗ, 5 ਘੰਟੇ ਹੁੰਦੇ ਰਹੇ ਧਮਾਕੇ ਤੇ ਧਮਾਕੇ

03/16/2019 9:45:52 AM

ਚੰਡੀਗੜ੍ਹ (ਕੁਲਦੀਪ) : ਇੰਡਸਟਰੀਅਲ ਏਰੀਆ ਫੇਜ਼-7 'ਚ ਬੀਤੇ ਦਿਨ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਸੀ, ਜਦੋਂ ਇੱਥੇ ਇਕ ਕੈਮੀਕਲ ਦੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ ਅਤੇ ਕੈਮੀਕਲ ਦੇ ਡਰੰਮਾਂ 'ਚ ਬਲਾਸਟ ਹੋਣ ਲੱਗ ਪਏ। ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਦੌਰਾਨ ਮੋਹਾਲੀ ਅਤੇ ਚੰਡੀਗੜ੍ਹ ਦੀਆਂ 25 ਤੋਂ ਵੀ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਹ ਅੱਗ ਇੰਡਸਟਰੀਅਲ ਏਰੀਆ ਫੇਜ਼-7 ਦੇ ਪਲਾਟ ਨੰਬਰ ਸੀ-142 ਸਥਿਤ ਕੈਮਟੈੱਕ ਇੰਡਸਟਰੀਜ਼ ਵਿਚ ਦੁਪਹਿਰ ਢਾਈ ਵਜੇ ਲੱਗੀ। ਫੈਕਟਰੀ ਦਾ ਮਾਲਕ ਸਤਪਾਲ ਗਰਗ ਦੁਪਹਿਰ ਨੂੰ ਆਪਣੇ ਦਫਤਰ ਵਿਚ ਬੈਠਾ ਲੰਚ ਕਰ ਰਿਹਾ ਸੀ ਕਿ ਵਰਕਰਾਂ ਨੇ ਆ ਕੇ ਉਸਨੂੰ ਦੱਸਿਆ ਕਿ ਗੋਦਾਮ ਵਿਚ ਅੱਗ ਲਗ ਗਈ ਹੈ। ਸੂਚਨਾ ਮਿਲਦਿਆਂ ਹੀ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਫੈਕਟਰੀ ਵਿਚੋਂ ਸਾਰੇ ਵਰਕਰਾਂ ਨੂੰ ਬਾਹਰ ਕੱਢ ਦਿੱਤਾ ਗਿਆ। 
ਪੰਜ ਘੰਟੇ ਹੁੰਦੇ ਰਹੇ ਕੈਮੀਕਲ ਬਲਾਸਟ 
ਭਾਵੇਂ ਮੋਹਾਲੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਇਕ ਤੋਂ ਬਾਅਦ ਇਕ ਕਰਕੇ ਪਾਣੀ ਨਾਲ ਭਰ-ਭਰ ਕੇ ਲਿਆਂਦੀਆਂ ਜਾਂਦੀਆਂ ਰਹੀਆਂ ਪਰ ਫੈਕਟਰੀ ਦੇ ਅੰਦਰ ਭਾਰੀ ਗਿਣਤੀ ਵਿਚ ਪਏ ਕੈਮੀਕਲ ਵਾਲੇ ਡਰੰਮਾਂ ਨੂੰ ਅੱਗੇ ਤੋਂ ਅੱਗੇ ਅੱਗ ਲਗਦੀ ਜਾ ਰਹੀ ਸੀ। ਜਿਵੇਂ ਹੀ ਦੂਜੇ ਡਰੰਮ ਤਕ ਅੱਗ ਪੁੱਜਦੀ ਤਾਂ ਜ਼ਮੀਨ ਤੋਂ ਦੋ ਸੌ ਫੁੱਟ ਤਕ ਬਲਾਸਟ ਹੁੰਦਾ ਅਤੇ ਜਵਾਲਾਮੁਖੀ ਦੇ ਲਾਵੇ ਵਾਂਗ ਅੱਗ ਫੈਲ ਰਹੀ ਸੀ। ਸ਼ਾਮ 6 ਵਜੇ ਤਕ ਲਗਾਤਾਰ ਪੰਜ ਘੰਟੇ ਡਰੰਮਾਂ ਦੇ ਬਲਾਸਟ ਹੁੰਦੇ ਰਹੇ। ਜਾਣਕਾਰੀ ਮੁਤਾਬਕ ਫੈਕਟਰੀ ਦੇ ਅੰਦਰ ਪੇਂਟ ਅਤੇ ਥਿੰਨਰ ਆਦਿ ਵੀ ਪਿਆ ਹੋਇਆ ਸੀ। ਪਾਣੀ ਨਾਲ ਅੱਗ ਨੂੰ ਬੁਝਾਉਣਾ ਕਾਫ਼ੀ ਮੁਸ਼ਕਲ ਹੋ ਰਿਹਾ ਸੀ, ਜਿਸ ਕਾਰਨ ਚੰਡੀਗੜ੍ਹ ਫਾਇਰ ਬ੍ਰਿਗੇਡ ਤੋਂ ਫੋਮ ਵਾਲੀਆਂ ਗੱਡੀਆਂ ਮੰਗਵਾਈਆਂ ਗਈਆਂ। ਬਾਅਦ ਵਿਚ ਰੇਤ ਅਤੇ ਫੋਮ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਕੈਮੀਕਲ ਨੂੰ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਬਿਲਕੁਲ ਕਾਲੇ ਰੰਗ ਦਾ ਭਾਰੀ ਮਾਤਰਾ ਵਿਚ ਧੂੰਆਂ ਆਸਮਾਨ ਨੂੰ ਛੂਹ ਰਿਹਾ ਸੀ। ਹਾਲਾਤ ਕੁਝ ਅਜਿਹੇ ਹੋ ਗਏ ਸਨ ਕਿ ਲਗਭਗ ਅੱਧਾ ਸ਼ਹਿਰ ਕਾਲੇ ਰੰਗ ਦੇ ਧੂੰਏਂ ਵਿਚ ਘਿਰ ਚੁੱਕਾ ਸੀ। 
ਫਾਇਰ ਸੇਫ਼ਟੀ ਯੰਤਰਾਂ ਦੀ ਬਦਇੰਤਜ਼ਾਮੀ 
ਪਤਾ ਲੱਗਾ ਹੈ ਕਿ ਜਿਸ ਫੈਕਟਰੀ ਵਿਚ ਇਹ ਅੱਗ ਲੱਗੀ, ਉਥੇ ਫਾਇਰ ਸੇਫਟੀ ਯੰਤਰਾਂ ਦੇ ਵੀ ਕੋਈ ਜ਼ਿਆਦਾ ਪ੍ਰਬੰਧ ਨਹੀਂ ਸਨ। ਫਾਇਰ ਅਫਸਰ ਕ੍ਰਿਸ਼ਨ ਲਾਲ ਕੱਕੜ ਨੇ ਕਿਹਾ ਕਿ ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਫਾਇਰ ਸੇਫਟੀ ਯੰਤਰਾਂ ਦੇ ਪ੍ਰਬੰਧਾਂ ਬਾਰੇ ਆਉਣ ਵਾਲੇ ਦਿਨਾਂ ਵਿਚ ਉਥੇ ਜਾ ਕੇ ਪਤਾ ਲੱਗ ਸਕੇਗਾ। ਆਸ-ਪਾਸ ਦੀਆਂ ਫੈਕਟਰੀਆਂ ਵੀ ਕਰਵਾਈਆਂ ਖਾਲੀ ਭਿਆਨਕ ਅੱਗ ਲੱਗਣ ਉਪਰੰਤ ਆਸ-ਪਾਸ ਵਾਲੀਆਂ ਫੈਕਟਰੀਆਂ ਵਿਚ ਛੁੱਟੀ ਕਰ ਕੇ ਉਹ ਖਾਲੀ ਕਰਵਾ ਲਈਆਂ ਗਈਆਂ, ਤਾਂ ਕਿ ਅੱਗ ਭੜਕ ਕੇ ਦੂਸਰੀਆਂ ਫੈਕਟਰੀਆਂ ਤਕ ਨਾ ਪਹੁੰਚ ਜਾਵੇ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਿਆ ਜਾਇਜ਼ਾ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਐੱਸ. ਡੀ. ਐੱਮ. ਮੋਹਾਲੀ ਜਗਦੀਪ ਸਿੰਘ ਸਹਿਗਲ, ਐੱਸ. ਪੀ. ਵਰੁਣ ਸ਼ਰਮਾ ਅਤੇ ਤਹਿਸੀਲਦਾਰ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

Babita

This news is Content Editor Babita