ਮੋਮਬੱਤੀ ਕਾਰਨ ਘਰ ''ਚ ਲੱਗੀ ਅੱਗ, ਪਤੀ-ਪਤਨੀ ਸਮੇਤ 5 ਬੱਚੇ ਝੁਲਸੇ

08/14/2022 12:11:34 PM

ਸਾਹਨੇਵਾਲ (ਜਗਰੂਪ) : ਥਾਣਾ ਜਮਾਲਪੁਰ ਦੀ ਚੌਕੀ ਰਾਮਗੜ੍ਹ ਅਧੀਨ ਆਉਂਦੇ ਪਿੰਡ ਝਾਬੇਵਾਲ ਦੀ ਕੁਲਤਾਰ ਕਾਲੋਨੀ ’ਚ ਮੋਮਬੱਤੀ ਕਾਰਨ ਲੱਗੀ ਅੱਗ ਦੇ ਚਲਦੇ ਪਤੀ-ਪਤਨੀ ਅਤੇ 5 ਬੱਚਿਆਂ ਸਮੇਤ ਪਰਿਵਾਰ ਦੇ 7 ਮੈਂਬਰ ਬੁਰੀ ਤਰ੍ਹਾ ਝੁਲਸ ਗਏ। ਗੰਭੀਰ ਜ਼ਖ਼ਮੀ ਹਾਲਤ ’ਚ ਝੁਲਸੇ ਮੈਂਬਰਾਂ ਨੂੰ ਪਹਿਲਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਅਤੇ ਫਿਰ ਉਥੋਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਵਿਜੀਲੈਂਸ ਵਲੋਂ ਪੰਜਾਬ ਪੁਲਸ ਦਾ ਹੌਲਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਹਰਭੋਲ ਸਿੰਘ ਨੇ ਦੱਸਿਆ ਕਿ ਲੇਬਰ ਦਾ ਕੰਮ ਕਰਨ ਵਾਲਾ ਪ੍ਰੇਮਪਾਲ (38) ਪੁੱਤਰ ਜੰਭੂ ਆਪਣੀ ਪਤਨੀ ਰਾਮਾ (31) ਤੇ 5 ਬੱਚਿਆਂ ਸਮੇਤ ਕੁਲਤਾਰ ਕਾਲੋਨੀ ’ਚ ਰਹਿੰਦਾ ਹੈ। ਸ਼ੁੱਕਰਵਾਰ ਦੀ ਰਾਤ ਉਹ ਖਾਣਾ ਖਾ ਕੇ ਪਰਿਵਾਰ ਸਮੇਤ ਕਮਰੇ ਦੇ ਅੰਦਰ ਸੌਂ ਗਿਆ। ਅੱਧੀ ਰਾਤ ਦੇ ਬਾਅਦ ਕਮਰੇ ’ਚ ਬਾਲੀ ਗਈ ਮੋਮਬੱਤੀ ਨਾਲ ਨਾਈਲਾਨ ਦੇ ਕੱਪੜੇ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਇਸ ਅੱਗ ਦੀ ਲਪੇਟ ’ਚ ਪ੍ਰੇਮਪਾਲ, ਰਾਮਾ ਅਤੇ ਉਨ੍ਹਾਂ ਦੇ 5 ਬੱਚੇ ਵੀ ਆ ਗਏ। ਗੁਆਂਢੀਆਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਝੁਲਸੇ ਹੋਏ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਬਾਅਦ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵਧਿਆ 'ਲੰਪੀ' ਸਕਿਨ ਦਾ ਕਹਿਰ, ਜ਼ਿਲ੍ਹਾ ਜਲੰਧਰ 'ਚ ਹੁਣ ਤੱਕ 5967 ਕੇਸ ਆਏ ਸਾਹਮਣੇ

ਪ੍ਰੇਮਪਾਲ ਅਤੇ ਰਾਮਾ ਸਮੇਤ ਉਨ੍ਹਾਂ ਦੇ ਬੱਚਿਆਂ ਅਨੁਜ ਕੁਮਾਰ (15), ਸ਼ਿਵਾਨੀ (10), ਅੰਸ਼ੁਲ ਕੁਮਾਰੀ (8), ਮੰਚਲੀ (7) ਅਤੇ ਛੋਟਾ ਲੜਕਾ ਪਵਨ (5) ਵੀ ਬੁਰੀ ਤਰ੍ਹਾ ਝੁਲਸ ਗਏ। ਥਾਣੇਦਾਰ ਹਰਭੋਲ ਸਿੰਘ ਨੇ ਦੱਸਿਆ ਕਿ ਝੁਲਸੇ ਪਰਿਵਾਰਕ ਮੈਂਬਰਾਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਭੇਜਿਆ ਗਿਆ, ਜਿੱਥੇ 5 ਸਾਲਾ ਪਵਨ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਪੁਲਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto