ਸੋਸ਼ਲ ਮੀਡੀਆ ''ਤੇ ਕੇਂਦਰ ਤੇ ਸੂਬਾ ਸਰਕਾਰਾਂ ਦੀ ਹੋਣ ਲੱਗੀ ਆਲੋਚਨਾ

06/10/2019 6:45:53 PM

ਜਲੰਧਰ (ਖੁਰਾਣਾ)— ਹਾਲ ਹੀ 'ਚ ਗੁਜਰਾਤ ਦੇ ਸੂਰਤ ਸ਼ਹਿਰ 'ਚ ਹੋਏ ਇਕ ਅਗਨੀਕਾਂਡ ਦੌਰਾਨ ਕਰੀਬ 2 ਦਰਜਨ ਬੱਚਿਆਂ ਦੇ ਮਾਰੇ ਜਾਣ ਤੇ ਹੁਣ ਸੰਗਰੂਰ ਦੇ ਇਕ ਪਿੰਡ 'ਚ ਬੋਰਵੈੱਲ 'ਚ ਡਿੱਗੇ ਬੱਚੇ ਫਤਿਹਵੀਰ ਨੂੰ 5 ਦਿਨ ਦੇ ਅੰਦਰ ਵੀ ਬਾਹਰ ਨਾ ਕੱਢ ਸਕੇ ਜਾਣ ਦੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੇਂਦਰ ਤੇ ਸੂਬਾ ਸਰਕਾਰਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਬੋਰਵੈੱਲ 'ਤੇ ਢੱਕਣ ਰੱਖੇ ਜਾਣ : ਸ਼ਾਰਦਾ
ਜਲੰਧਰ ਨਿਵਾਸੀ ਸੁਨੀਲ ਸ਼ਾਰਦਾ, ਜੋ ਹੁਣ ਕੈਨੇਡਾ 'ਚ ਜਾ ਵਸੇ ਹਨ, ਨੇ ਕਿਹਾ ਕਿ ਹਰ ਸਾਲ ਬੋਲਵੈੱਲ 'ਚ ਬੱਚਿਆਂ ਦੇ ਡਿੱਗ ਜਾਣ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਣ ਦੇ ਪ੍ਰਬੰਧ ਕੀਤਾ ਜਾਂਦੇ। ਠੇਕੇਦਾਰਾਂ ਲਈ ਇਹ ਲਾਜ਼ਮੀ ਕੀਤਾ ਜਾਵੇ ਕਿ ਉਹ ਬੋਰ ਸਬੰਧੀ ਖੁਦਾਈ ਕਰਦੇ ਸਮੇਂ ਸ਼ੇਕ 'ਤੇ ਭਾਰੀ ਢੱਕਣ ਆਦਿ ਰੱਖਣ ਤਾਂ ਕਿ ਅਜਿਹੀ ਨੌਬਤ ਹੀ ਨਾ ਆਵੇ।
ਸਾਡੇ ਦਿੱਤੇ ਟੈਕਸਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ : ਭਾਟੀਆ
ਕਾਨੂੰਨੀ ਮਾਮਲਿਆਂ ਦੇ ਜਾਣਕਾਰ ਹਰਪ੍ਰੀਤ ਸਿੰਘ ਭਾਟੀਆ ਨੇ ਕਿਹਾ ਕਿ ਦੇਸ਼ ਦੇ ਨਾਗਰਿਕ ਸਹੂਲਤਾਂ ਤੇ ਵਿਕਾਸ ਟੈਕਸ ਦਿੰਦੇ ਹਨ ਪਰ ਉਸ ਪੈਸੇ ਨਾਲ ਨਾ ਸਿਰਫ ਨੇਤਾ ਲੋਕ ਐਸ਼ ਕਰਦੇ ਹਨ ਬਲਕਿ 3-3 ਹਜ਼ਾਰ ਕਰੋੜ ਦੀਆਂ ਮੂਰਤੀਆਂ ਤੱਕ ਲਵਾ ਲੈਂਦੇ ਹਨ। ਵੋਟ ਬੈਂਕ ਬਣਾਉਣ ਦੇ ਨਾਂ 'ਤੇ ਅਰਬਾਂ ਰੁਪਏ ਖਰਚ ਕਰ ਦਿੱਤੇ ਜਾਂਦੇ ਹਨ, ਜਦਕਿ ਟੈਕਸ ਪੇਅਰ ਸਹੂਲਤਾਂ ਨੂੰ ਤਰਸਦਾ ਰਹਿੰਦਾ ਹੈ।

ਸਹੂਲਤਾਂ ਸਬੰਧੀ ਗੰਭੀਰ ਨਹੀਂ ਹਨ ਸਰਕਾਰਾਂ : ਕੌਸ਼ਿਕ
ਪਾਰਕ ਐਵੇਨਿਊ ਲੱਧੇਵਾਲੀ ਨਿਵਾਸੀ ਨਰਿੰਦਰ ਕੌਸ਼ਿਕ (ਜੋ ਹੁਣ ਕੈਨੇਡਾ ਦੇ ਵੀ ਨਾਗਰਿਕ ਹਨ) ਨੇ ਸਾਫ ਸ਼ਬਦਾਂ 'ਚ ਕਿਹਾ ਹੈ ਕਿ ਭਾਰਤ ਦੀਆਂ ਸਰਕਾਰਾਂ ਨਾਗਰਿਕਾਂ ਦੀਆਂ ਸਹੂਲਤਾਂ ਪ੍ਰਤੀ ਗੰਭੀਰ ਨਹੀਂ ਹਨ। ਸੰਗਰੂਰ 'ਚ ਹੋਈ ਘਟਨਾ ਤੋਂ ਸਾਫ ਹੈ ਕਿ ਸਰਕਾਰਾਂ ਕੋਲ ਖੁਦਾਈ ਲਈ ਔਜ਼ਾਰ ਨਹੀਂ ਹਨ, ਵਰਨਾ ਤਿੰਨ ਦਿਨ 'ਚ ਤਾਂ ਪਾਤਾਲ ਤੱਕ ਖੋਦਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦੇਸ਼ 'ਚ ਸਿਰਫ ਇਕ ਪੌੜੀ ਨਾ ਹੋਣ ਕਾਰਨ 2 ਦਰਜਨ ਬੱਚੇ ਮੌਤ ਦੇ ਮੂੰਹ 'ਚ ਜਾਣ ਉਸ ਦੇਸ਼ ਦੀਆਂ ਸਹੂਲਤਾਂ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ।
ਸਰਕਾਰਾਂ ਕੋਲ ਪੈਸਿਆਂ ਦੀ ਘਾਟ ਨਹੀਂ : ਮਨਜੀਤ ਸੇਠੀ
ਕਾਰੋਬਾਰੀ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਸਰਕਾਰਾਂ ਕੋਲ ਪੈਸਿਆਂ ਦੀ ਕੋਈ ਘਾਟ ਨਹੀਂ ਹੁੰਦੀ ਪਰ ਉਨ੍ਹਾਂ ਪੈਸਿਆਂ ਨੂੰ ਖਰਚ ਕੀਤਾ ਜਾਣਾ ਉਨ੍ਹਾਂ ਦੀ ਸਮਝਦਾਰੀ 'ਤੇ ਨਿਰਭਰ ਕਰਦਾ ਹੈ। ਸਾਰਿਆਂ ਦਲਾਂ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਹਵਾਈ ਕਿਲੇ ਬਣਾਉਣ ਦੀ ਬਜਾਏ ਮੁੱਢਲੀਆਂ ਸਹੂਲਤਾਂ ਨੂੰ ਉਪਲਬਧ ਕਰਵਾਉਣ ਦੀ ਹੋਰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਦੇਸ਼ 'ਚ ਬੁਲੇਟ ਟਰੇਨ ਚਲਾਉਣ ਤੋਂ ਪਹਿਲਾਂ ਹੋਰ ਟਰੇਨਾਂ ਦੀਆਂ ਸਾਧਾਰਨ ਬੋਗੀਆਂ ਦਾ ਸੁਧਾਰ ਕਰਨਾ ਜ਼ਰੂਰੀ ਹੈ। ਇਸ ਤਰ੍ਹਾਂ ਫਾਇਰ ਬ੍ਰਿਗੇਡ ਸਿਸਟਮ ਤੇ ਰੈਸਕਿਊ ਟੀਮ ਆਪ੍ਰੇਸ਼ਨਾਂ ਨਾਲ ਸਬੰਧਿਤ ਉਪਕਰਨਾਂ ਦੀ ਖਰੀਦ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਮੁੱਖ ਮੰਤਰੀ ਨੂੰ ਸੰਗਰੂਰ ਜਾਣਾ ਚਾਹੀਦਾ ਸੀ : ਤਕਿਆਰ
ਸੂਬਾ ਕਾਂਗਰਸ ਦੇ ਨੇਤਾ ਕਪਿਲ ਤਕਿਆਰ ਨੇ ਸੰਗਰੂਰ ਘਟਨਾ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਕ ਨੰਨ੍ਹੀ ਜਾਨ ਨੂੰ ਇੰਨੇ ਘੰਟਿਆਂ ਲਈ ਬੋਰਵੈੱਲ 'ਚ ਰਹਿਣਾ ਪਿਆ ਤੇ ਲੋਕਾਂ ਨੇ ਸਾਫ ਦੇਖਿਆ ਕਿ ਬਹੁਤ ਹੀ ਦੇਸੀ ਤਰੀਕੇ ਨਾਲ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘਟਨਾ ਸਥਾਨ 'ਤੇ ਪਹੁੰਚਣਾ ਚਾਹੀਦਾ ਸੀ ਕਿਉਂਕਿ ਉਨ੍ਹਾਂ ਦੇ ਜਾਣ ਨਾਲ ਅਫਸਰਾਂ ਅਤੇ ਰੈਸਕਿਊ ਟੀਮ 'ਚ ਲੱਗੇ ਅਧਿਕਾਰੀਆਂ 'ਚ ਤੇਜ਼ੀ ਆਉਂਦੀ ਅਤੇ ਲੋਕਾਂ ਅਤੇ ਪਰਿਵਾਰ ਦਾ ਵੀ ਹੌਸਲਾ ਵਧਦਾ।