ਅੱਗ ਲੱਗਣ ਨਾਲ ਤੂੜੀ ਸੜ ਕੇ ਸੁਆਹ

05/03/2018 6:53:56 AM

ਸ਼ੇਰਪੁਰ(ਅਨੀਸ਼)-ਨੇੜਲੇ ਪਿੰਡ ਅਲੀਪੁਰ ਖਾਲਸਾ ਵਿਖੇ ਅੱਗ ਲੱਗਣ ਨਾਲ 2 ਤੂੜੀ ਦੇ ਕੁੱਪਾਂ ਤੋਂ ਇਲਾਵਾ ਕਮਰੇ 'ਚ ਪਈ ਤੂੜੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਸੂਬੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦੀਪ ਸਿੰਘ ਪੁੱਤਰ ਭਾਨ ਸਿੰਘ ਦੇ ਖੇਤ 'ਚ ਤੂੜੀ ਵਾਲੇ ਕੁੱਪਾਂ ਨੂੰ ਅੱਗ ਲੱਗ ਗਈ ਹੈ ਤੇ ਇਹ ਅੱਗ ਫੈਲਦੀ ਹੋਈ ਬਲਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਦੇ ਖੇਤਾਂ ਤੱਕ ਜਾ ਪੁੱਜੀ, ਜਿਥੇ ਕੋਠੇ 'ਚ ਪਈ ਤੂੜੀ ਨੂੰ ਅੱਗ ਲੱਗ ਗਈ ਤੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਮਾਲੇਰਕੋਟਲਾ ਤੋਂ ਆਈ ਗੱਡੀ ਨੇ ਭਾਰੀ ਜੱਦੋਂ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪੀੜਤ ਕਿਸਾਨਾਂ ਨੇ ਦੱਸਿਆ ਕਿ ਦੋਵੇਂ ਕੁੱਪਾਂ 'ਚ ਅਤੇ ਤੂੜੀ ਵਾਲੇ ਕੋਠੇ 'ਚ ਭਾਰੀ ਮਾਤਰਾ 'ਚ ਤੂੜੀ ਮੌਜੂਦ ਸੀ । ਮੌਕੇ 'ਤੇ ਪਹੁੰਚੇ ਥਾਣਾ ਸ਼ੇਰਪੁਰ ਦੇ ਪੁਲਸ ਮੁਖੀ ਰਾਕੇਸ਼ ਕੁਮਾਰ ਤੇ ਬੀ. ਡੀ. ਪੀ. ਓ. ਸ਼ੇਰਪੁਰ ਜੁਗਰਾਜ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਪੁੱਜਣ ਕਰਕੇ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਜਾਣਕਾਰੀ ਅਨੁਸਾਰ ਉਕਤ ਅੱਗ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਤੋਂ ਲੱਗੀ ਹੈ ।