ਇਲੈਕਟ੍ਰੋਨਿਕਸ ਦੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ

Wednesday, Jul 26, 2017 - 05:33 AM (IST)

ਜਲੰਧਰ(ਸੁਧੀਰ, ਸੇਠੀ)-ਸੈਂਟਰਲ ਟਾਊਨ ਵਿਚ ਸਥਿਤ ਬਾਹਰੀ ਇਲੈਕਟ੍ਰੋਨਿਕਸ ਦੇ ਸ਼ੋਅਰੂਮ ਵਿਚ ਸਵੇਰੇ ਭਿਆਨਕ ਅੱੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਕੁਝ ਹੀ ਸਮੇਂ ਵਿਚ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਾਹਰੀ ਇਲੈਕਟ੍ਰੋਨਿਕਸ ਦੇ ਮਾਲਕ ਰਾਜੇਸ਼ ਬਾਹਰੀ ਦੁਕਾਨ 'ਤੇ ਪਹੁੰਚੇ ਤੇ ਘਟਨਾ ਸੰਬੰਧੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਕਾਫੀ ਜੱਦੋ-ਜਹਿਦ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਸ਼ੋਅਰੂਮ ਦੇ ਅੰਦਰ ਪਏ ਲੱਖਾਂ ਰੁਪਏ ਦੇ ਮੋਬਾਇਲ ਤੇ ਅਸੈੱਸਰੀ ਸੜ ਕੇ ਸੁਆਹ ਹੋ ਗਈ। ਸ਼ੋਅਰੂਮ ਦੇ ਮਾਲਕ ਰਾਜੇਸ਼ ਬਾਹਰੀ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਗਏ। ਅੱਜ ਸਵੇਰੇ ਕਰੀਬ ਸਾਡੇ 6 ਵਜੇ ਕਿਸੇ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚੇ ਤੇ ਆਪਣੇ ਕੁਝ ਸਾਥੀਆਂ ਨਾਲ ਜਦੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ। ਸ਼ੋਅਰੂਮ ਦੇ ਮਾਲਕ ਰਾਜੇਸ਼ ਬਾਹਰੀ ਨੇ ਦੱਸਿਆ ਕਿ ਉਹ ਨਵੇ ਮੋਬਾਇਲ ਵੇਚਣ ਦੇ ਨਾਲ-ਨਾਲ ਮੋਬਾਇਲ ਰਿਪੇਅਰ ਦਾ ਵੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਨਵੇਂ ਮੋਬਾਇਲ ਫੋਨ ਤੇ ਅਸੈੱਸਰੀ ਦੇ ਨਾਲ-ਨਾਲ ਕਰੀਬ 150 ਪੁਰਾਣੇ ਫੋਨ ਵੀ ਸੜ ਕੇ ਸੁਆਹ ਹੋ ਗਏ। 


Related News