ਤਿੰਨ ਮੰਜ਼ਿਲਾਂ ਕੱਪੜੇ ਦੀ ਦੁਕਾਨ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

03/27/2019 1:00:58 PM

ਗੁਰਦਾਸਪੁਰ (ਵਿਨੋਦ)— ਬੀਤੀ ਰਾਤ 10.30 ਵਜੇ ਸਥਾਨਕ ਬਾਟਾ ਚੌਂਕ 'ਚ ਸਥਿਤ ਤਿੰਨ ਮੰਜ਼ਿਲੀ ਰਾਜ ਰਾਣੀ ਰੈਡੀਮੇਟ ਗਾਰਮੈਂਟਸ ਦੁਕਾਨ 'ਚ ਅਚਾਨਕ ਭਿਆਨਕ ਅੱਗ ਲੱਗਣ ਦੇ ਕਾਰਨ ਦੁਕਾਨ ਮਾਲਿਕ ਦਾ ਲੱਖਾਂ ਰੁਪਏ ਦਾ ਕੱਪੜੇ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਤੇਜ਼ ਸੀ ਕਿ ਇਸ ਅੱਗ ਦੇ ਕਾਰਨ ਨਾਲ ਲੱਗਦੀਆਂ ਦੋ ਦੁਕਾਨਾਂ ਨੂੰ ਵੀ ਮਾਮੂਲੀ ਨੁਕਸਾਨ ਪਹੁੰਚਿਆ, ਪਰ ਛੇਤੀ ਹੀ ਅੱਗ ਦਾ ਪਤਾ ਲੱਗਣ ਤੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਅੱਗ ਇੰਨੀ ਤੇਜ਼ ਸੀ ਕਿ ਅੱਗ ਤੇ ਕਾਬੂ ਪਾਉਣ ਦੇ ਲਈ ਦੀਨਾਨਗਰ, ਡੇਰਾ ਬਾਬਾ ਨਾਨਕ, ਬਟਾਲਾ ਸ਼ਹਿਰ ਤੋਂ ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣਾ ਪਿਆ ਜਿੰਨਾਂ ਨੇ ਅੱਗ ਤੇ 7ਘੰਟੇ ਦੀ ਭਾਰੀ ਮੁਸ਼ਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ।

ਚੌਂਕੀਦਾਰ ਨੇ ਸੂਚਿਤ ਕੀਤਾ ਦੁਕਾਨਦਾਰਾਂ ਨੂੰ 
ਸਥਾਨਕ ਬਾਟਾ ਚੌਂਕ 'ਚ ਸਥਿਤ ਚੌਂਕੀਦਾਰ ਦੀ ਡਿਊਟੀ ਕਰਨ ਵਾਲੇ ਜੋਗਿੰਦਰ ਮਸੀਹ ਪੁੱਤਰ ਫਜ਼ਲ ਮਸੀਹ ਨਿਵਾਸੀ ਪਾਹੜਾ ਨੇ ਅਚਾਨਕ ਦੁਕਾਨ ਵਿਚੋਂ ਧੂੰਆ ਨਿਕਲਦਾ ਵੇਖਿਆ ਤਾਂ ਉਸ ਨੇ ਇਸ ਸਬੰਧੀ ਜਾਣਕਾਰੀ ਨਾਲ ਲੱਗਦੇ ਦੁਕਾਨਦਾਰਾਂ ਨੂੰ ਦਿੱਤੀ ਜਿੰਨਾਂ ਨੇ ਇਸ ਸਬੰਧੀ ਜਾਣਕਾਰੀ ਦੁਕਾਨ ਮਾਲਿਕ ਰਵੀ ਗੰਡੋਤਰਾ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ । ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾਉਣ ਦਾ ਬਹੁਤ ਯਤਨ ਕੀਤਾ ਪਰ ਤਿੰਨ ਮੰਜ਼ਿਲਾਂ 'ਚ ਅੱਗ ਲੱਗੀ ਹੋਣ ਦੇ ਕਾਰਨ ਅੱਗ ਤੇ ਕਾਬੂ ਨਹੀਂ ਪਾਇਆ ਗਿਆ। 

ਲੇਬਰਸੈੱਲ ਦੇ ਚੇਅਰਮੈਨ ਗੁਰਮੀਤ ਪਾਹੜਾ ਮੌਕੇ 'ਤੇ ਪਹੁੰਚੇ
ਇਸ ਸਬੰਧੀ ਜਾਣਕਾਰੀ ਮਿਲਦੇ ਹੀ ਲੇਬਰਸੈੱਲ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਤੇ ਵੱਡੀ ਗਿਣਤੀ ਵਿਚ ਪੁਲਸ ਪ੍ਰਸ਼ਾਸ਼ਨ ਤੇ ਸ਼ਹਿਰ ਵਾਸੀ ਇਕੱਠੇ ਹੋ ਗਏ। ਗੁਰਮੀਤ ਸਿੰਘ ਪਾਹੜਾ ਨੇ ਇਸ ਸਬੰਧੀ ਤੁਰੰਤ ਜੇਸੀਬੀ ਤੇ ਦੀਨਾਨਗਰ, ਡੇਰਾ ਬਾਬਾ ਨਾਨਕ, ਬਟਾਲਾ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ । ਉਨ੍ਹਾਂ ਦੱਸਿਆ ਕਿ ਮੈਨੂੰ ਜਿਵੇਂ ਹੀ ਇਸ ਅੱਗ ਦਾ ਪਤਾ ਲੱਗਾ ਤਾਂ ਉਹ ਤੁਰੰਤ ਇਥੇ ਪਹੁੰਚ ਗਿਆ , ਪਰ ਜਦੋਂ ਮੈਂ ਇੱਥੇ ਪਹੁੰਚਿਆਂ ਤਾਂ ਅੱਗ ਕਾਫੀ ਭਿਆਨਕ ਸੀ । ਤਿੰਨ ਮੰਜ਼ਿਲੀ ਇਮਾਰਤ 'ਚ ਜਾਣ ਦੇ ਲਈ ਕੋਈ ਰਸਤਾ ਨਹੀਂ ਸੀ ਅਤੇ ਦੁਕਾਨਾਂ ਦੇ ਸ਼ਟਰ ਵੀ ਬੰਦ ਸੀ ਜਿਸ ਤੇ ਮੈਂ ਜੇਸੀਬੀ ਨੂੰ ਮੌਕੇ ਤੇ ਸੱਦਿਆ ਜਿਸ ਨੇ ਦੁਕਾਨਾਂ ਦੇ ਸ਼ਟਰ ਤੋੜੇ ਅਤੇ ਫਿਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੁਕਾਨਾਂ 'ਚ ਪਾਣੀ ਦੀਆਂ ਬੁਛਾਰਾਂ ਪਾ ਕੇ ਅੱਗ ਤੇ ਕਾਬੂ ਪਾਇਆ। 

ਤਿੰਨ ਸ਼ਹਿਰਾਂ ਦੀਆਂ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀਆਂ
ਜਦ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਗੁਰਦਾਸਪੁਰ ਸਮੇਤ ਦੀਨਾਨਗਰ, ਡੇਰਾ ਬਾਬਾ ਨਾਨਕ, ਬਟਾਲਾ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿੰਨਾਂ ਨੇ ਮੌਕੇ ਤੇ ਪਹੁੰਚ ਕੇ 7 ਘੰਟੇ ਦੇ ਬਾਅਦ ਅੱਗ ਤੇ ਕਾਬੂ ਪਾਇਆ।   

ਜੇਈ ਨੇ ਮੌਕੇ ਤੇ ਪਹੁੰਚੇ ਬਿਜਲੀ ਕਰਵਾਈ ਬੰਦ 
ਦੁਕਾਨ 'ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਜੇਈ ਚਰਨਜੀਤ ਨੇ ਤੁਰੰਤ ਬਿਜਲੀ ਨੂੰ ਬੰਦ ਕਰਵਾਇਆ। ਜਿਸ ਤੇ ਜੇ.ਸੀ.ਬੀ. ਨੇ ਦੁਕਾਨਾਂ ਦੇ ਸ਼ਟਰ ਨੂੰ ਤੋੜਿਆ ਫਿਰ ਜਾ ਕੇ ਦੁਕਾਨਾਂ ਦੇ ਅੰਦਰ ਲੱਗੀ ਅੱਗ ਤੇ ਕਾਬੂ ਪਾਇਆ ਜਿਸ ਕਾਰਨ ਬਿਜਲੀ ਦੀਆਂ ਤਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ। ਇਸ ਕਾਰਨ ਸਾਰੀ ਰਾਤ ਬਿਜਲੀ ਬੰਦ ਰਹਿਣ ਦੇ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। 

ਕੀ ਕਹਿਣਾ ਦੁਕਾਨ ਮਾਲਿਕ ਦਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਿਕ ਰਵੀ ਗੰਡੋਤਰਾ ਨਿਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ 9.30 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਚਲਾ ਗਿਆ ਸੀ। ਸਾਨੂੰ 10.30 ਵਜੇ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਚੋਂ ਧੂੰਆ ਨਿਕਲ ਰਿਹਾ ਹੈ। ਜਦ ਅਸੀ ਮੌਕੇ ਤੇ ਆ ਕੇ ਵੇਖਿਆ ਤਾਂ ਅੱਗ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ।  

Shyna

This news is Content Editor Shyna