ਪੈਲਸ ''ਚ ਬਰਾਤੀਆਂ ਨੇ ਕੁੱਟੀ ਪੁਲਸ, ਅਕਾਲੀ ਆਗੂ ''ਤੇ ਮਾਮਲਾ ਦਰਜ

11/19/2019 10:29:47 AM

ਜ਼ੀਰਕਪੁਰ (ਗੁਰਪ੍ਰੀਤ) : ਮੈਰਿਜ ਪੈਲਸ 'ਚ ਤੇਜ ਸਾਊਂਡ 'ਚ ਚੱਲ ਰਹੀ ਡੀ. ਜੇ. ਨੂੰ ਬੰਦ ਕਰਾਉਣ ਗਏ ਪੁਲਸ ਮੁਲਾਜ਼ਮਾਂ ਨਾਲ ਬਾਰਾਤੀਆਂ ਨੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਨਗਰ ਕਾਊਂਸਿਲ ਦੀ ਸੀਨੀਅਰ ਉਪ ਪ੍ਰਧਾਨ ਪਰਮਜੀਤ ਕੌਰ ਸੋਢੀ ਦੇ ਪਤੀ ਅਤੇ ਅਕਾਲੀ ਨੇਤਾ ਜਗਤਾਰ ਸਿੰਘ ਸੋਢੀ ਸਮੇਤ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਪਟਿਆਲਾ ਰੋਡ 'ਤੇ ਇਕ ਮੈਰਿਜ ਪੈਲਸ 'ਚ ਵਿਆਹ ਸਮਾਰੋਹ ਚੱਲ ਰਿਹਾ ਸੀ। ਪੈਲਸ ਦੇ ਨੇੜੇ ਰਹਿਣ ਵਾਲੇ ਕੁਨਾਲ ਮਲਹੋਤਰਾ ਨੇ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਉਕਤ ਪੈਲਸ ਚ ਉੱਚੀ ਆਵਾਜ਼ 'ਚ ਡੀ. ਜੀ. ਵਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਘਰ 'ਚ ਬੈਠਣਾ ਮੁਸ਼ਕਲ ਹੋ ਰਿਹਾ ਹੈ।
ਸ਼ਿਕਾਇਤ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਡੀ. ਜੀ. ਬੰਦ ਕਰਵਾ ਕੇ ਚਲੀ ਗਈ। ਇਸ ਦੌਰਾਨ ਸ਼ਿਕਾਇਤ ਕਰਤਾ ਨੇ ਦੁਬਾਰਾ ਫੋਨ ਕੀਤਾ ਕਿ ਪੈਲਸ 'ਚ ਫਿਰ ਉੱਚੀ ਆਵਾਜ਼ 'ਚ ਡੀ. ਜੇ. ਚੱਲਣਾ ਸ਼ੁਰੂ ਹੋ ਗਿਆ ਹੈ। ਜਦੋਂ ਪੁਲਸ ਨੇ ਡੀ. ਜੇ. ਬੰਦ ਕਰਾਉਣਾ ਚਾਹਿਆ ਤਾਂ ਪੈਲਸ ਮਾਲਕ ਭਸੀਨ, ਅਕਾਲੀ ਨੇਤਾ ਜਗਤਾਰ ਸਿੰਘ, ਡੀ. ਜੇ. ਮਾਲਕ ਟਿੰਕੂ, ਡੀ. ਜੇ. ਆਪਰੇਟਰ ਦੀਪਕ ਤੇ ਵਿਆਹ 'ਚ ਸ਼ਾਮਲ 25-30 ਬਾਰਾਤੀ ਉਨ੍ਹਾਂ 'ਤੇ ਟੁੱਟ ਪਏ ਅਤੇ ਕੁਨਾਲ ਅਤੇ ਉਸ ਦੇ ਪਿਤਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਿਰਫ ਇੰਨਾ ਹੀ ਨਹੀਂ, ਉਕਤ ਲੋਕਾਂ ਨੇ ਪੁਲਸ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਮੁਲਾਜ਼ਮਾਂ ਦੀ ਵਰਦੀ ਫਾੜ ਦਿੱਤੀ।
ਅਕਾਲੀ ਨੇਤਾ ਦਾ ਬਿਆਨ
ਅਕਾਲੀ ਨੇਤਾ ਜਗਤਾਰ ਸਿੰਘ ਸੋਢੀ ਨੇ ਕਿਹਾ ਕਿ ਉਸ ਨੇ ਪੁਲਸ ਪਾਰਟੀ ਦੀ ਮਦਦ ਕਰਦੇ ਹੋਏ ਡੀ. ਜੇ. ਬੰਦ ਕਰਵਾਇਆ ਪਰ ਕੁਝ ਦੇਰ ਬਾਅਦ ਕੁਝ ਨੌਜਵਾਨਾਂ ਵਲੋਂ ਫਿਰ ਡੀ. ਜੇ. ਚਲਾ ਲਿਆ ਗਿਆ। ਫਿਰ ਪੁਲਸ ਪਾਰਟੀ ਆ ਗਈ ਅਤੇ ਤਕਰਾਰ ਹੋ ਗਈ। ਉਹ ਆਪਣੇ ਵਲੋਂ ਛੁਡਵਾ ਰਿਹਾ ਸੀ ਪਰ ਪੁਲਸ ਨੇ ਉਸ ਦੇ ਖਿਲਾਫ ਝੂਠਾ ਮਾਮਲਾ ਦਰਜ ਕਰ ਲਿਆ ਹੈ।

Babita

This news is Content Editor Babita