ਪਾਣੀ ਦੀ ਦੁਰਵਰਤੋਂ ਕਰਨ ''ਤੇ ਹੋਵੇਗਾ ਜੁਰਮਾਨਾ

04/25/2018 5:45:04 AM

ਅੰਮ੍ਰਿਤਸਰ,   (ਵੜੈਚ)-  ਜ਼ਮੀਨੀ ਪੱਧਰ ਤੋਂ ਦਿਨੋ-ਦਿਨ ਡਿੱਗਦੇ ਪਾਣੀ ਨੂੰ ਦੇਖਦਿਆਂ ਨਿਗਮ ਪੱਬਾਂ ਭਾਰ ਹੋ ਰਿਹਾ ਹੈ। ਕੁਝ ਮਹੀਨੇ ਪਹਿਲਾਂ ਵੀ ਬੇਕਾਰ ਕੀਤੇ ਜਾ ਰਹੇ ਪਾਣੀ ਦੀ ਰੋਕਥਾਮ ਲਈ ਸ਼ੁਰੂ ਕੀਤੀ ਕਾਰਵਾਈ ਕੁਝ ਦਿਨਾਂ ਬਾਅਦ ਠੱਪ ਹੋ ਗਈ ਸੀ।
ਹੁਣ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਆਦੇਸ਼ਾਂ ਅਨੁਸਾਰ ਟੀਮਾਂ ਗਲੀਆਂ-ਮੁਹੱਲਿਆਂ 'ਚ ਜਾ ਕੇ ਪਾਣੀ ਦੀ ਸੰਭਾਲ ਕਰਨ ਦਾ ਹੋਕਾ ਦੇ ਰਹੀਆਂ ਹਨ। ਪਾਣੀ ਦੀ ਸੰਭਾਲ ਲਈ ਨਿਗਮ ਕਮਿਸ਼ਨਰ ਵੱਲੋਂ ਪਬਲਿਕ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਿਸ ਵਿਚ ਕਮਿਸ਼ਨਰ ਨੇ ਲਿਖਿਆ ਹੈ ਕਿ ਕਈ ਰਾਜਾਂ ਵਿਚ ਸੋਕੇ ਦੇ ਹਾਲਾਤ ਪੈਦਾ ਹੋਣ ਕਰ ਕੇ ਹਾਹਾਕਾਰ ਮਚੀ ਹੋਈ ਹੈ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਗੱਡੀਆਂ, ਘਰਾਂ ਦੇ ਵਿਹੜੇ, ਗਲੀਆਂ 'ਚ ਟੂਟੀਆਂ ਨੂੰ ਲਗਾਤਾਰ ਛੱਡ ਕੇ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਬਾਗ-ਬਗੀਚਿਆਂ ਵਿਚ ਪੌਦਿਆਂ ਨੂੰ ਪਾਣੀ ਸ਼ਾਮ 5 ਵਜੇ ਤੋਂ ਬਾਅਦ ਦਿੱਤਾ ਜਾਵੇ।
ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਨਿਗਮ ਕਰਮਚਾਰੀਆਂ ਨੂੰ ਪਾਣੀ ਬਚਾਉਣ ਲਈ ਸ਼ਹਿਰਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਹਿਲੀ ਉਲੰਘਣਾ ਵਿਚ 1 ਹਜ਼ਾਰ ਤੇ ਦੂਸਰੀ 'ਚ 2 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ, ਤੀਸਰੀ ਉਲੰਘਣਾ ਦੌਰਾਨ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਤੇ 5 ਹਜ਼ਾਰ ਰੁਪਏ ਜੁਰਮਾਨਾ ਵਸੂਲ ਕਰਨ ਉਪਰੰਤ ਹੀ ਦੁਬਾਰਾ ਕੁਨੈਕਸ਼ਨ ਲਾਇਆ ਜਾਵੇਗਾ।