ਫ਼ੌਜੀਆਂ ਨੂੰ ਮਿਲਣਗੀਆਂ ਸੌਗਾਤਾਂ : ਮਨਪ੍ਰੀਤ ਬਾਦਲ

12/02/2018 10:23:42 PM

ਜਗਰਾਓਂ (ਮਾਲਵਾ,ਭੰਡਾਰੀ)-ਨਵੀਂ ਦਾਣਾ ਮੰਡੀ ਜਗਰਾਓਂ ਵਿਖੇ ਇੰਡੀਅਨ ਐਕਸ ਸਰਵਿਸਿਜ਼ ਲੀਗ ਦਾ ਸਿਲਵਰ ਜੁਬਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸਮਾਗਮ 'ਚ ਪੰਜਾਬ ਤੇ ਚੰਡੀਗੜ੍ਹ ਤੋਂ ਸਾਬਕਾ ਫ਼ੌਜੀ ਵੱਡੀ ਗਿਣਤੀ 'ਚ ਪੁੱਜੇ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਬਕਾ ਫ਼ੌਜੀਆਂ ਤੋਂ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਫ਼ੌਜੀ ਸਿਰਫ਼ ਮਾਣ-ਸਨਮਾਨ ਮੰਗਦੇ ਹਨ, ਜਿਹੜਾ ਸਾਡਾ ਦੇਣਾ ਫ਼ਰਜ਼ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਤਿਆਰ ਕੀਤੇ ਜਾ ਰਹੇ ਮੈਨੀਫੈਸਟੋ 'ਚ ਫ਼ੌਜੀਆਂ ਨੂੰ ਬਹੁਤ ਵੱਡੀਆਂ-ਵੱਡੀਆਂ ਸੌਗਾਤਾਂ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ 'ਚ ਜ਼ਰੂਰ ਆਉਣਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰ ਕੇ ਉਹ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇੰਡੀਅਨ ਐਕਸ ਸਰਵਿਸਿਜ਼ ਲੀਗ ਲਈ 10 ਲੱਖ ਰੁਪਏ ਦੀ ਗ੍ਰਾਂਟ ਭੇਜੀ ਹੈ, ਇਸ ਦੇ ਨਾਲ ਹੀ ਇੰਡੀਅਨ ਐਕਸ ਸਰਵਿਸਿਜ਼ ਲੀਗ ਨੂੰ ਦਫ਼ਤਰ ਲਈ ਹੋਰ ਵੀ ਗ੍ਰਾਂਟ ਦੇਣ ਬਾਰੇ ਕਿਹਾ। ਇਕ ਸਵਾਲ ਦਾ ਜਵਾਬ 'ਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਬੀਤੇ 20 ਸਾਲਾਂ ਤੋਂ ਠੀਕ ਨਹੀਂ ਹੈ, ਜਿਸ ਨੂੰ ਲੀਹ 'ਤੇ ਚੜ੍ਹਾਉਣ 'ਚ ਸਮਾਂ ਲੱਗੇਗਾ।
ਇਸ ਮੌਕੇ ਇੰਡੀਅਨ ਐਕਸ ਸਰਵਿਸਿਜ਼ ਲੀਗ ਦੇ ਨੈਸ਼ਨਲ ਪ੍ਰਧਾਨ ਕਰਤਾਰ ਸਿੰਘ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦਾ ਕਾਂਗਰਸ ਸਰਕਾਰ ਲਿਆਉਣ 'ਚ ਅਹਿਮ ਯੋਗਦਾਨ ਹੈ। ਇਸ ਮੌਕੇ ਕਰਨਲ ਭਾਗ ਸਿੰਘ ਨੇ ਦੱਸਿਆ ਕਿ ਇੰਡੀਅਨ ਐਕਸ ਸਰਵਿਸਿਜ਼ ਲੀਗ ਜਿਸ ਨੂੰ ਫੀਲਡ ਮਾਰਸ਼ਲ ਕੇ. ਐੱਮ. ਕਰਿਅੱਪਾ ਅਤੇ ਜਰਨਲ ਕੇ. ਐੱਸ. ਥਮੱਈਆ ਨੇ 1 ਮਈ 1964 ਨੂੰ ਸਥਾਪਤ ਕੀਤਾ ਸੀ, ਉਸ ਤੋਂ ਬਾਅਦ ਪੰਜਾਬ 'ਚ 1968 'ਚ ਸਥਾਪਤ ਹੋਈ ਸੀ, ਜਿਸ ਦਾ ਗੋਲਡਨ ਜੁਬਲੀ ਸਮਾਗਮ ਅੱਜ ਮਨਾਇਆ ਗਿਆ। ਸਮਾਗਮ ਦੌਰਾਨ ਕਰਨਲ ਭਾਗ ਸਿੰਘ ਨੇ ਵਿੱਤ ਮੰਤਰੀ ਅੱਗੇ ਜਗਰਾਓਂ ਨੂੰ ਜ਼ਿਲਾ ਬਣਾਉਣ ਦੀ ਮੰਗ ਤੋਂ ਇਲਾਵਾ ਸਾਬਕਾ ਫ਼ੌਜੀਆਂ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਤੇ ਸਾਬਕਾ ਫ਼ੌਜੀਆਂ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਦੀ ਅਪੀਲ ਕੀਤੀ।
ਇਸ ਮੌਕੇ ਸੰਤ ਬਾਬਾ ਜਗਜੀਤ ਸਿੰਘ ਲੋਪੋਂ ਨੇ ਕਿਹਾ ਕਿ ਅੱਜ ਅਸੀਂ ਜਿਹੜੀ ਸੁੱਖਾਂ ਭਰੀ ਜ਼ਿੰਦਗੀ ਜੀਅ ਰਹੇ ਹਾਂ, ਉਹ ਫ਼ੌਜੀਆਂ ਦੀ ਦੇਣ ਹੈ, ਜਿਹੜੇ ਹਮੇਸ਼ਾ ਸਰਹੱਦਾਂ 'ਤੇ ਰਹਿ ਕੇ ਸਾਡੀ ਸੁਰੱਖਿਆ ਕਰਦੇ ਹਨ। ਇਸ ਸਮਾਗਮ ਦੌਰਾਨ 1965, 71 ਤੇ 75 ਦੀਆਂ ਜੰਗਾਂ 'ਚ ਮੈਡਲ ਹਾਸਿਲ ਕਰਨ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ, ਜ਼ਿਲਾ ਪ੍ਰਧਾਨ ਰਾਜ ਕੁਮਾਰ ਭੱਲਾ, ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ ਅਤੇ ਚੇਅਰਮੈਨ ਅੰਮ੍ਰਿਤ ਲਾਲ ਮਿੱਤਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੰਗ-ਪੱਤਰ ਸੌਂਪਿਆ। ਇਸ ਮੌਕੇ ਏ. ਡੀ. ਸੀ. ਨੀਰੂ ਕਤਿਆਲ, ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾੜ, ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ, ਐੱਸ. ਡੀ. ਐੱਮ. ਰਾਮ ਸਿੰਘ, ਤਹਿਸੀਲਦਾਰ ਜੋਗਿੰਦਰ ਸਿੰਘ, ਕੈਪਟਨ ਦਰਸ਼ਨ ਸਿੰਘ, ਕਰਨਲ ਮੁਖਤਿਆਰ ਸਿੰਘ, ਕੈਪਟਨ ਅਜਮੇਰ ਸਿੰਘ, ਕੈਪਟਨ ਸੁਖਚੈਨ ਸਿੰਘ, ਅਜਮੇਰ ਸਿੰਘ ਢੋਲਣ, ਗੁਰਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

Hardeep kumar

This news is Content Editor Hardeep kumar