ਜਾਣੋਂ 50 ਹਜ਼ਾਰ ਤੋਂ 5 ਕਰੋੜ ਦਾ ਸਫਰ ਕਿਵੇਂ ਤੈਅ ਕਰਦੀ ਹੈ ਹੈਰੋਇਨ ਦੀ ਕੀਮਤ

02/03/2020 11:37:20 PM

ਅੰਮ੍ਰਿਤਸਰ, (ਇੰਦਰਜੀਤ)— ਪੰਜਾਬ 'ਚ ਹੈਰੋਇਨ ਸਮੱਗਲਿੰਗ ਇਕ ਵੱਡੀ ਸਮੱਸਿਆ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਈ ਹੈ। ਇਸ 'ਚ ਜਿੱਥੇ ਵੱਡੀ ਗਿਣਤੀ 'ਚ ਲੋਕ ਨਸ਼ੇ ਦੀ ਗ੍ਰਿਫਤ 'ਚ ਆ ਚੁੱਕੇ ਹਨ, ਉਥੇ ਹੀ ਇਸ ਪੇਸ਼ੇ 'ਚ ਵੀ ਪੈਸੇ ਦੇ ਲਾਲਚ 'ਚ ਲੋਕ ਆ ਰਹੇ ਹਨ। ਸਰਕਾਰ ਵਲੋਂ ਕਈ ਸਖਤੀਆਂ ਦੇ ਬਾਵਜੂਦ ਹੈਰੋਇਨ ਦਾ ਤੂਫਾਨ ਰੁਕਦਾ ਨਹੀਂ ਵਿਖਾਈ ਦੇ ਰਿਹਾ। ਇਸ 'ਚ ਵੱਡਾ ਪ੍ਰਸ਼ਨ ਉਭਰ ਕੇ ਆ ਰਿਹਾ ਹੈ ਕਿ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਕਿਵੇਂ ਹੋ ਗਈ ਹੈ? ਜਦਕਿ ਇਸ ਕਾਰਣ ਹੀ ਨੌਜਵਾਨ ਵਰਗ ਕਮਾਈ ਦੇ ਲਾਲਚ 'ਚ ਇਸ ਧੰਦੇ ਨੂੰ ਅਪਨਾ ਰਹੇ ਹਨ ਪਰ ਅਸਲੀਅਤ ਦਾ ਪਤਾ ਚਲਣ ਤੱਕ ਉਹ ਲੋਕ ਆਪਣੇ ਆਪ ਨਸ਼ੇ ਦੀ ਗਰਤ 'ਚ ਚਲੇ ਜਾਂਦੇ ਹਨ।

ਇਸ ਸਬੰਧੀ ਕਈ ਆਈ. ਪੀ. ਐੱਸ. ਅਤੇ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੋਂ ਪੁੱਛੇ ਜਾਣ 'ਤੇ ਕਿਸੇ ਨੇ ਵੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਹੋਣ ਦੀ ਪੁਸ਼ਟੀ ਨਹੀਂ ਕੀਤੀ। ਆਖ਼ਿਰਕਾਰ 50 ਹਜ਼ਾਰ ਰੁਪਏ ਕਿਲੋ ਦੀ ਕੀਮਤ ਰੱਖਣ ਵਾਲੀ ਹੈਰੋਇਨ ਦਾ ਸਫਰ 5 ਕਰੋੜ ਦਾ ਕਿਵੇਂ ਹੋ ਗਿਆ? ਇਹ ਰਹੱਸ ਦਾ ਵਿਸ਼ਾ ਹੈ।

ਅਸਲੀ ਕੀਮਤ ਕਿੰਨੀ
ਅਧਿਕਾਰਕ ਅਤੇ ਗੈਰ-ਅਧਿਕਾਰਕ ਲੋਕਾਂ ਦੀ ਮੰਨੀਏ ਤਾਂ ਹੈਰੋਇਨ ਦਾ ਅਸਲੀ ਗੜ੍ਹ ਅਫਗਾਨਿਸਤਾਨ ਹੈ। ਉੱਥੇ ਕਈ ਤਰ੍ਹਾਂ ਦੇ ਰੇਟ ਹਨ ਪਰ ਇਸ ਦੀ ਐਵਰੇਜ ਕੀਮਤ 50 ਹਜ਼ਾਰ ਰੁਪਏ ਕਿੱਲੋ ਦੇ ਕਰੀਬ ਹੈ। ਅੰਤਰਰਾਸ਼ਟਰੀ ਕੀਮਤ ਦੀ ਚਰਚਾ ਕਰੀਏ ਤਾਂ ਸੰਸਾਰ ਦੇ ਕਿਸੇ ਵੀ ਦੇਸ਼ 'ਚ ਇਸ ਦੀ ਕੀਮਤ 5 ਕਰੋੜ ਰੁਪਏ ਨਹੀਂ ਹੈ।

ਪੰਜਾਬ 'ਚ ਕੀਮਤ ਕਿੰਨੀ
ਹੇਠਲੇ ਪੱਧਰ 'ਤੇ ਹੈਰੋਇਨ ਪ੍ਰਤੀਗ੍ਰਾਮ 1 ਹਜ਼ਾਰ ਰੁਪਏ ਤੋਂ 15 ਸੌ ਤੱਕ ਵਿਕਦੀ ਹੈ। ਇਸ ਅਨੁਪਾਤ ਨਾਲ ਇਸ ਦੀ ਛੋਟੀ ਕੀਮਤ 10 ਲੱਖ ਰੁਪਏ ਦੇ ਕਰੀਬ ਪ੍ਰਤੀ ਕਿੱਲੋਗ੍ਰਾਮ ਹੈ। ਜਾਣਕਾਰ ਲੋਕਾਂ ਦਾ ਮੰਨਣਾ ਹੈ ਕਿ ਹੈਰੋਇਨ ਦੀ ਸਮੱਗਲਿੰਗ ਅਤੇ ਸਮੱਗਲਰਾਂ 'ਚ ਬੀ. ਐੱਸ. ਐੱਫ., ਸੀ. ਆਰ. ਪੀ., ਕਸਟਮ, ਨਾਰਕੋਟਿਕਸ, ਰੇਲਵੇ, ਆਈ. ਬੀ., ਪੁਲਸ ਅਤੇ ਹੋਰ ਮਿਲਾ ਕੇ ਕੁਲ 15 ਦੇ ਕਰੀਬ ਪ੍ਰਦੇਸ਼ ਅਤੇ ਕੇਂਦਰ ਸਰਕਾਰ ਦੇ ਵਿਭਾਗ ਹਨ। ਇਨ੍ਹਾਂ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਲੋਕਾਂ ਦੀ ਮਿਲੀਭਗਤ ਹੋਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ। ਇਸ ਕਾਰਣ ਕੋਰੀਅਰ ਤੋਂ ਇਲਾਵਾ ਜੇਕਰ ਬਾਕੀ ਬਲੈਕ-ਸ਼ੀਪ ਐਕਸਪੇਂਸੇਸ ਲਾ ਲਈ ਜਾਵੇ ਤਾਂ ਥੋਕ ਵਿਚ ਇਸ ਦੀ ਕੀਮਤ 5 ਤੋਂ 6 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਜਾਂਦੀ ਹੈ। ਬਲੈਕ 'ਚ ਇਸ ਤੋਂ ਦੁੱਗਣਾ ਹੋ ਜਾਣਾ ਮਾਮੂਲੀ ਗੱਲ ਹੈ ਪਰ 10 ਲੱਖ ਅਤੇ 5 ਕਰੋੜ ਵਿਚ 50 ਗੁਣਾ ਅੰਤਰ ਹੈ ਇਹੀ ਰਹੱਸ ਦਾ ਵਿਸ਼ਾ ਹੈ।

ਕੀ ਹੈ ਅੰਤਰਰਾਸ਼ਟਰੀ ਕੀਮਤ ਦਾ ਫੰਡਾ
ਅੰਤਰਰਾਸ਼ਟਰੀ ਕੀਮਤ ਨੂੰ ਆਂਕਣ ਲਈ ਮੂੰਹ ਬੋਲੇ ਕਿਆਸ ਇਸ ਤਰ੍ਹਾਂ ਲਾਏ ਜਾਂਦੇ ਹਨ ਕਿ ਕੁਝ ਯੂਰਪੀ ਅਤੇ ਹੋਰ ਠੰਡੇ ਦੇਸ਼ਾਂ 'ਚ ਰੈਸਟੋਰੈਂਟਸ ਅਤੇ ਬਾਰ 'ਚ ਅਮੀਰ ਲੋਕ ਸ਼ੌਕੀਆ ਤੌਰ 'ਤੇ ਹੈਰੋਈਨ ਦੀ ਬਾਈਟਸ ਲੈਂਦੇ ਹਨ ਅਤੇ 1 ਗ੍ਰਾਮ ਵਿਚ 80 ਦੇ ਕਰੀਬ ਲੋਕ 50 ਤੋਂ 100 ਡਾਲਰ ਦੇ ਕੇ ਬਾਈਟਸ ਲੈ ਕੇ ਆਪਣਾ ਸ਼ੌਕ ਪੂਰਾ ਕਰਦੇ ਹਨ। ਇਸ ਅਨੁਮਾਨ ਮੁਤਾਬਕ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਪ੍ਰਤੀ ਕਿੱਲੋਗ੍ਰਾਮ ਮੰਨੀ ਜਾਂਦੀ ਹੈ। ਅਸਲ 'ਚ ਸੰਸਾਰ ਦੇ ਕਿਸੇ ਦੇਸ਼ 'ਚ ਵੀ ਕੋਈ ਵਪਾਰੀ 5 ਕਰੋੜ ਰੁਪਏ ਦੀ ਕੀਮਤ ਦਾ ਖਰੀਦਦਾਰ ਨਹੀਂ ਹੁੰਦਾ। ਬੁੱਧੀਜੀਵੀ ਵਰਗ ਦਾ ਮੰਨਣਾ ਹੈ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਇਸ ਦੀ ਠੀਕ ਤਸਵੀਰ ਦੱਸੀ ਜਾਵੇ ਤਾਂ ਉਹ ਇਸ ਧੰਦੇ 'ਚ ਨਹੀਂ ਜਾਣਗੇ ਕਿਉਂਕਿ ਆਰਥਿਕ ਮੁਸ਼ਕਲਾਂ 'ਚ ਫਸਿਆ ਵਿਅਕਤੀ ਕਈ ਵਾਰ ਇਹ ਸੋਚ ਕੇ ਇਸ ਪੇਸ਼ੇ 'ਚ ਆ ਜਾਂਦਾ ਹੈ ਕਿ ਇਕ-ਅੱਧ ਮਾਲ ਦਾ ਫੇਰਾ ਲਾ ਕੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਖਤਮ ਕਰ ਸਕਦਾ, ਜਦਕਿ ਜੇਲ ਜਾਣ ਦੇ ਬਾਅਦ ਸਾਰੀ ਜ਼ਿੰਦਗੀ ਪਛਤਾਵਿਆਂ ਵਿਚ ਨਿਕਲ ਜਾਂਦੀ ਹੈ।

ਨੌਜਵਾਨ ਗੁੰਮਰਾਹ ਨਾ ਹੋਣ : ਆਈ. ਜੀ. ਪਰਮਾਰ
ਇਸ ਸਬੰਧੀ ਅੰਮ੍ਰਿਤਸਰ ਬਾਰਡਰ ਰੇਂਜ ਦੇ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਆਧਿਕਾਰਕ ਤੌਰ 'ਤੇ ਅਜਿਹੀ ਕਦੇ ਕੋਈ ਸੂਚਨਾ ਨਹੀਂ ਮਿਲੀ, ਜਿਸ ਵਿਚ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਦੀ ਤਥਾਕਥਿਤ ਕੀਮਤ ਵੱਲ ਆਕਰਸ਼ਤ ਹੋ ਕੇ ਇਸ ਧੰਦੇ ਨਾਲ ਨਾ ਜੁੜਨ। ਇਹ ਤਬਾਹੀ ਦਾ ਰਸਤਾ ਹੈ, ਇਹ ਨੌਜਵਾਨਾਂ ਦੀ ਜਿੱਥੇ ਜ਼ਿੰਦਗੀ ਨਾਲ ਖੇਡਦਾ ਹੈ ਉੱਥੇ ਪੂਰੇ ਦੇ ਪੂਰੇ ਪਰਿਵਾਰ ਇਸ ਵਿਚ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੁਝ ਮਾਫੀਆ ਲੋਕ ਨੌਜਵਾਨਾਂ ਨੂੰ ਇਸ ਧੰਦੇ ਵੱਲ ਖਿੱਚਣ ਲਈ ਇੰਨੀ ਵੱਡੀ ਕੀਮਤ ਦੱਸ ਰਹੇ ਹਨ।

KamalJeet Singh

This news is Content Editor KamalJeet Singh