ਫਾਇਨਾਂਸਰ ਘਿੱਕੀ ਦੀਆਂ ਧਮਕੀਆਂ ਤੋਂ ਤੰਗ ਆ ਕੇ ਕਾਰੋਬਾਰੀ ਨੇ ਲਿਆ ਫਾਹਾ

03/11/2019 10:14:19 AM

ਜਲੰਧਰ (ਮਹੇਸ਼) - ਰਾਮਾ ਮੰਡੀ ਪੁਲ ਹੇਠਾਂ ਸਾਈਂ ਬੈਗ ਹਾਊਸ ਦੇ ਨਾਂ ਨਾਲ ਦੁਕਾਨ ਚਲਾਉਣ ਵਾਲੇ ਕੁਲਵੰਤ ਰਾਏ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਨੰਗਲਸ਼ਾਮਾ ਨੇ ਆਪਣੀ ਹੀ ਦੁਕਾਨ 'ਚ ਫਾਹਾ ਲੈ ਲਿਆ। ਇਸ ਘਟਨਾ ਦੇ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਸ ਦਾ ਪੁੱਤਰ ਰਾਜੇਸ਼ ਕੁਮਾਰ ਘਰੋਂ ਖਾਣਾ ਖਾ ਕੇ ਵਾਪਸ ਦੁਕਾਨ 'ਤੇ ਆਇਆ। ਪਿਤਾ ਦੀ ਲਾਸ਼ ਨੂੰ ਛੱਤ ਤੋਂ ਉਤਾਰ ਕੇ ਉਹ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਰਾਏ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਐਵੇਨਿਊ ਵਾਸੀ ਫਾਇਨਾਂਸਰ ਸੋਨੂੰ ਘਿੱਕੀ, ਉਸ ਦੀ ਪਤਨੀ ਅਤੇ ਬੇਟੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। 

ਉਸ ਨੇ ਲਿਖਿਆ ਕਿ ਉਸ ਨੇ ਘਿੱਕੀ ਕੋਲੋਂ 2 ਲੱਖ ਰੁਪਏ ਫਾਇਨਾਂਸ 'ਤੇ ਲਏ ਸਨ, ਜਿਸ ਦੇ ਬਦਲੇ ਉਹ ਉਸ ਨੂੰ 6 ਲੱਖ ਰੁਪਏ ਵਾਪਸ ਕਰ ਚੁੱਕਾ ਹੈ। ਇਸ ਦੇ ਬਾਵਜੂਦ ਉਹ ਲੋਕ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ, ਕਦੇ ਕਹਿੰਦਾ ਹੈ ਕਿ ਉਹ ਉਸ ਦੀ ਦੁਕਾਨ ਤੇ ਘਰ ਨੂੰ ਤਾਲੇ ਲਾ ਦੇਵੇਗਾ। ਉਸ ਦੀਆਂ ਧਮਕੀਆਂ ਤੋਂ  ਤੰਗ ਆ ਕੇ ਇਹ ਕਦਮ ਉਠਾ ਰਿਹਾ ਹੈ। ਉਸ ਨੇ ਐੱਸ. ਐੱਚ. ਓ. ਦੇ ਨਾਂ ਲਿਖੇ ਸੁਸਾਈਡ ਨੋਟ 'ਚ ਕਿਹਾ ਹੈ ਕਿ ਜਿਸ ਤਰ੍ਹਾਂ ਪੁਲਸ ਨੇ ਰਾਮਾ ਮੰਡੀ ਤੇ ਕੈਂਟ ਇਲਾਕੇ ਤੋਂ ਦੜੇ-ਸੱਟੇ ਦੇ ਕੋਹੜ ਨੂੰ ਖਤਮ ਕੀਤਾ ਹੈ, ਉਸੇ ਤਰ੍ਹਾਂ ਲੱਖਾਂ ਦਾ ਵਿਆਜ ਵਸੂਲ ਕੇ ਗਰੀਬਾਂ ਦਾ ਖੂਨ ਚੂਸਣ ਵਾਲੇ ਫਾਇਨਾਂਸਰਾਂ ਨੂੰ ਜੜ੍ਹੋਂ ਉਖਾੜ ਸੁੱਟੋ, ਤਾਂ ਜੋ ਉਸ ਦੀ ਤਰ੍ਹਾਂ ਕਿਸੇ ਹੋਰ ਨੂੰ ਫਾਇਨਾਂਸਰਾਂ ਤੋਂ ਤੰਗ ਆ ਕੇ ਆਪਣੀ ਜਾਨ ਦੇਣ ਲਈ ਮਜਬੂਰ ਨਾ ਹੋਣਾ ਪਵੇ। ਉਸ ਨੇ ਕਿਹਾ ਕਿ ਉਸ ਦੀ ਮੌਤ ਦੇ ਜ਼ਿੰਮੇਦਾਰ ਘਿੱਕੀ, ਉਸ ਦੀ ਪਤਨੀ ਤੇ ਬੇਟੀ ਨੂੰ ਸਖਤ ਸਜ਼ਾ ਮਿਲਣ 'ਤੇ ਹੀ ਉਸਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

ਘਰੋਂ ਭੱਜੇ ਮੁਲਜ਼ਮ, ਕੇਸ ਦਰਜ
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ  ਮ੍ਰਿਤਕ ਦੇ ਸੁਸਾਈਡ ਨੋਟ ਤੇ ਉਸ ਦੇ ਬੇਟੇ ਰਾਜੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਥਾਣਾ ਕੈਂਟ 'ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ ਪਰ ਉਹ ਘਰੋਂ ਭੱਜੇ ਹੋਏ ਹਨ। ਮ੍ਰਿਤਕ ਕੁਲਵੰਤ ਰਾਏ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਕਲ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।



ਪੈਰੋਲ 'ਤੇ ਆਇਆ ਸੀ ਕੁਲਵੰਤ ਰਾਏ
ਸੁਸਾਈਡ ਕਰਨ ਵਾਲੇ ਕੁਲਵੰਤ ਰਾਏ ਪਿਛਲੇ ਮਹੀਨੇ ਫਰਵਰੀ 'ਚ ਪੈਰੋਲ 'ਤੇ ਜੇਲ ਤੋਂ ਆਇਆ ਸੀ। ਉਸ ਦੇ ਖਿਲਾਫ ਥਾਣਾ ਨੰ. 8 'ਚ 420 ਤੇ 406 ਦਾ ਕੇਸ ਦਰਜ ਹੈ, ਜਿਸ 'ਚ ਉਹ ਜੇਲ 'ਚ ਸਜ਼ਾ ਕੱਟ ਰਿਹਾ ਸੀ। ਮੁਕੱਦਮਾ ਨੰ. 97 ਸਾਲ 2008 'ਚ 4 ਜੂਨ ਨੂੰ ਦਰਜ ਹੋਇਆ ਸੀ, ਜਿਸ 'ਚ ਕੁਲਵੰਤ ਰਾਏ ਦਾ ਭਰਾ ਵੀ ਨਾਮਜ਼ਦ ਹੈ। ਉਸ ਦੇ ਪੈਰੋਲ 'ਤੇ ਆਉਣ ਨੂੰ ਲੈ ਕੇ ਨੰਗਲ ਸ਼ਾਮਾ ਪਿੰਡ ਨਾਲ ਸਬੰਧਤ ਪੁਲਸ ਸਟੇਸ਼ਨ ਪਤਾਰਾ (ਦਿਹਾਤ ਪੁਲਸ)  'ਚ 4 ਫਰਵਰੀ 2019 ਨੂੰ ਪੱਤਰ ਵੀ ਆਇਆ ਹੋਇਆ ਹੈ।

rajwinder kaur

This news is Content Editor rajwinder kaur