ਵਿੱਤ ਵਿਭਾਗ ਨੇ ਟੈਕਸ ਰੀਫੰਡ ਦੀ 97 ਕਰੋੜ ਦੀ ਰਕਮ ਸਨਅਤੀ ਵਿਭਾਗ ਨੂੰ ਕੀਤੀ ਜਾਰੀ

09/05/2019 8:41:48 PM

ਜਲੰਧਰ,(ਧਵਨ ): ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਜੀ. ਐੱਸ. ਟੀ. ਤੇ ਵੈਟ ਰੀਫੰਡ ਦੀ 97 ਕਰੋੜ ਰੁਪਏ ਦੀ ਰਕਮ ਸਨਅਤੀ ਵਿਭਾਗ ਨੂੰ ਜਾਰੀ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਜੀ. ਐੱਸ. ਟੀ. ਤੇ ਵੈਟ ਰੀਫੰਡ 'ਤੇ ਬਕਾਇਆ ਜਾਰੀ ਕਰਨ ਨੂੰ ਕਿਹਾ ਸੀ। ਸਨਅਤੀ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਸਬੰਧ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਜੀ. ਐੱਸ. ਟੀ. ਤੇ ਵੈਟ ਰੀਫੰਡ ਦੀ ਪ੍ਰਕਿਰਿਆ ਤੇਜ਼ ਕਰਨ ਦਾ ਮਾਮਲਾ ਚੁੱਕਿਆ ਸੀ। ਸਨਅਤਾਂ ਬਾਰੇ ਮੰਤਰੀ ਸ਼ਾਮ ਸੁੰਦਰ ਅਰੋੜਾ ਅਨੁਸਾਰ ਇਸ 'ਚੋਂ 70 ਕਰੋੜ ਰੁਪਏ ਦੀ ਰਕਮ ਜੀ. ਐੱਸ. ਟੀ. ਰੀਫੰਡ ਤੇ 27 ਕਰੋੜ ਰੁਪਏ ਦੀ ਰਕਮ ਵੈਟ ਰੀਫੰਡ ਦੀ ਸ਼ਕਲ 'ਚ ਵਪਾਰੀਆਂ ਨੂੰ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 31 ਅਗਸਤ ਤੱਕ ਦੀ ਵੈਟ ਤੇ ਜੀ. ਐੱਸ. ਟੀ. ਰੀਫੰਡ ਦੀ ਰਕਮ ਸਰਕਾਰ ਵੱਲੋਂ ਕਲੀਅਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ਅਰਥਵਿਵਸਥਾ ਰੂਪੀ ਰੇਲ ਗੱਡੀ ਦਾ ਇੰਜਣ ਹੈ ਤੇ ਉਸ ਨੂੰ ਤੇਜ਼ ਕਰਨ ਲਈ ਸਰਕਾਰ ਨੇ ਪੂੰਜੀ ਨਿਵੇਸ਼ ਨੂੰ ਤੇਜ਼ੀ ਨਾਲ ਸੱਦਾ ਦੇਣ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਆਰਥਿਕ ਮੰਦੀ ਦੇ ਮੌਜੂਦਾ ਦੌਰ 'ਚ ਸਨਅਤੀ ਖੇਤਰ ਨੂੰ ਇਸ ਸਮੇਂ ਬਾਜ਼ਾਰ 'ਚ ਨਕਦੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਰੀਫੰਡ ਦੀ ਰਕਮ ਤੇਜ਼ੀ ਨਾਲ ਸਨਅਤਕਾਰਾਂ ਤੇ ਵਪਾਰੀਆਂ ਨੂੰ ਅਦਾ ਕਰਨ ਦੇ ਹੱਕ 'ਚ ਹੈ ਤਾਂ ਕਿ ਨਕਦੀ ਸਬੰਧੀ ਸਮੱਸਿਆਵਾਂ ਦਾ ਕੁਝ ਹੱਦ ਤੱਕ ਹੱਲ ਹੋ ਸਕੇ । ਸਨਅਤੀ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਸਨਅਤੀ ਤੌਰ 'ਤੇ ਪਸੰਦੀਦਾ ਸੂਬਾ ਬਣਾਉਣ ਲਈ ਸਰਕਾਰ ਵੱਲੋਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਮੰਤਵ ਲਈ ਮੁੱਖ ਮੰਤਰੀ ਨੇ ਬਿਜ਼ਨੈੱਸ ਫਸਟ ਪੋਰਟਲ ਅਤੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਨੂੰ ਰਾਜ 'ਚ ਲਾਗੂ ਕਰਵਾਇਆ ਹੈ । ਪੂੰਜੀ ਨਿਵੇਸ਼ ਲਈ ਅਰਜ਼ੀ
ਮਿਲਦਿਆਂ ਹੀ ਸਿੰਗਲ ਵਿੰਡੋ ਤਹਿਤ ਉਨ੍ਹਾਂ ਨੂੰ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਹਨ।