ਫਿਲਮ ''ਮਨਮਰਜ਼ੀਆਂ'' ਉੱਤੇ ਰੋਕ ਲਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

09/18/2018 12:16:06 PM

ਜਲੰਧਰ(ਚਾਵਲਾ)— ਹਿੰਦੀ ਫਿਲਮ 'ਮਨਮਰਜ਼ੀਆਂ' ਵਿਚ ਸਿੱਖ ਭਾਵਨਾਵਾਂ ਨੂੰ ਸੱਟ ਲੱਗਣ ਦਾ ਦਾਅਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਇਸ ਬਾਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਤੇ ਸੈਂਸਰ ਬੋਰਡ ਦੇ ਮੁਖੀ ਨੂੰ ਚਿੱਠੀ ਲਿਖਦੇ ਹੋਏ ਸੈਂਸਰ ਬੋਰਡ 'ਚ ਇਕ ਸਿੱਖ ਮੈਂਬਰ ਦੀ ਨਿਯੁਕਤੀ ਪੱਕੇ ਤੌਰ 'ਤੇ ਕਰਨ ਦੀ ਮੰਗ ਕੀਤੀ ਹੈ। ਫਿਲਮ ਦੇ ਇਕ ਕਿਰਦਾਰ ਵੱਲੋਂ ਦਸਤਾਰ ਉਤਾਰਨ ਤੋਂ ਬਾਅਦ ਸਿਗਰਟ ਪੀਣਾ ਅਤੇ ਅਨੰਦ ਕਾਰਜ ਸਿੱਖ ਰਹਿਤ-ਮਰਿਆਦਾ ਨਾਲ ਕਰਨ 'ਤੇ ਸਿੱਖਾਂ ਵਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਜੀ. ਕੇ. ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਸੈਂਸਰ ਬੋਰਡ ਕਈ ਸਾਲਾਂ ਤੋਂ ਸਿੱਖ ਵਿਰੋਧੀ ਫਿਲਮਾਂ ਨੂੰ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦੇ ਰਿਹਾ ਹੈ, ਜਿਸ 'ਚ 'ਮਨਮਰਜ਼ੀਆਂ', 'ਡਿਸ਼ੂਮ', 'ਸੰਤਾ-ਬੰਤਾ' ਅਤੇ 'ਨਾਨਕਸ਼ਾਹ ਫ਼ਕੀਰ' ਵਰਗੀਆਂ ਵਿਵਾਦਿਤ ਫਿਲਮਾਂ ਨੂੰ ਸੈਂਸਰ ਬੋਰਡ ਵਲੋਂ ਪਾਸ ਕਰਨਾ ਸਿਨੇਮੈਟੋਗ੍ਰਾਫ ਐਕਟ ਅਤੇ ਉਸ ਦੇ ਨਿਯਮਾਂ ਦੀ ਉਲੰਘਣਾ ਹੈ। ਸੈਂਸਰ ਬੋਰਡ ਵਲੋਂ ਫਿਲਮ ਨੂੰ ਪਾਸ ਕਰਨ ਵੇਲੇ ਇਸ ਗੱਲ ਨੂੰ ਜ਼ਰੂਰੀ ਤੌਰ 'ਤੇ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਫਿਲਮ ਸਮਾਜ ਪ੍ਰਤੀ ਜੁਆਬਦੇਹ ਅਤੇ ਸਮਾਜ ਦੀਆਂ ਭਾਵਨਾਵਾਂ ਨੂੰ ਬੌਧਿਕ ਪੱਧਰ 'ਤੇ ਕਾਇਮ ਰੱਖਣ 'ਚ ਸਮਰੱਥ ਹੋਵੇ।