ਚੰਨੀ ਦੀ ਸਖ਼ਤੀ ਦਾ ਅਸਰ ਸ਼ੁਰੂ, ਸਬ ਇੰਸਪੈਕਟਰ ਵਿਰੁੱਧ ਰਿਸ਼ਵਤ ਲੈਣ ਦੇ ਦੋਸ਼ ''ਚ ਮੁਕੱਦਮਾ ਦਰਜ

10/01/2021 5:06:08 PM

ਰੂਪਨਗਰ (ਸੱਜਣ ਸੈਣੀ)- ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਸਖ਼ਤੀ ਕਰਨ ਦਿੱਤੇ ਬਿਆਨ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਾ ਹੈ, ਜਿਸ ਤੋਂ ਬਾਅਦ ਵਿਜੀਲੈਂਸ ਮਹਿਕਮੇ ਵੱਲੋਂ ਪੰਜਾਬ ਪੁਲਸ ਦੇ ਇਕ ਸਬ ਇੰਸਪੈਕਟਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸੇ ਸਬ ਇੰਸਪੈਕਟਰ ਨੂੰ ਅਦਾਲਤ ਦੇ ਵੱਲੋਂ ਵੀ ਅਗਾਊਂ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਸੂਬੇ ਵਿਚ ਲਗਾਤਾਰ ਭ੍ਰਿਸ਼ਟਾਚਾਰ ਦੀਆਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਰਕਾਰ ਸਖ਼ਤੀ ਕਰੇਗੀ ਅਤੇ ਉਸ ਬਿਆਨ ਤੋਂ ਬਾਅਦ ਸੂਬੇ ਵਿੱਚ ਇਸ ਸਬੰਧੀ ਸਖ਼ਤੀ ਵੀ ਵੇਖਣ ਨੂੰ ਮਿਲ ਰਹੀ ਹੈ। 

ਇਹ ਵੀ ਪੜ੍ਹੋ :  ਕੈਪਟਨ ਨਾਲ ਮਿਲ ਕੇ ਤੀਜਾ ਫਰੰਟ ਬਣਾਉਣ ਲਈ ਤਿਆਰ ਨੇ ਸੁਖਦੇਵ ਸਿੰਘ ਢੀਂਡਸਾ

PunjabKesari

ਵਿਜੀਲੈਂਸ ਮਹਿਕਮੇ ਵੱਲੋਂ ਰੂਪਨਗਰ ਦੇ ਸਬ ਇੰਸਪੈਕਟਰ ਜੀਤ ਰਾਮ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਦੇ ਅਨੁਸਾਰ ਸ਼ਿਕਾਇਤਕਰਤਾ ਕੇਵਲ ਕ੍ਰਿਸ਼ਨ ਖ਼ਿਲਾਫ਼ ਰੂਪਨਗਰ ਪੁਲਸ ਵੱਲੋਂ ਇਕ 354 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੇ ਆਈ. ਓ. ਜੀਤ ਰਾਮ ਵੱਲੋਂ ਮਾਮਲੇ ਵਿੱਚ ਚਲਾਨ ਪੇਸ਼ ਕਰਨ ਲਈ ਸ਼ਿਕਾਇਤਕਰਤਾ ਸਿਰਫ਼ ਕਿਸ਼ਨ ਕੋਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਮਾਮਲੇ ਵਿੱਚ ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਦੇ ਨਾਲ ਮਿਲ ਕੇ ਸਬ-ਇੰਸਪੈਕਟਰ ਦੀ ਪੈਸੇ ਮੰਗਣ ਦੀ ਰਿਕਾਰਡਿੰਗ ਕੀਤੀ ਗਈ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਇਹ ਮੁਕੱਦਮਾ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਵੱਲੋਂ ਉਹ ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀਆਂ ਗਈਆਂ, ਜਿਸ ਦੇ ਵਿਚ ਐੱਸ. ਆਈ. ਸਾਫ਼ ਤੌਰ 'ਤੇ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਮੰਗਦਾ ਸੁਣਾਈ ਦਿੰਦਾ ਹੈ ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦਾ ਵੱਡਾ ਬਿਆਨ, ਕਿਹਾ-ਵਿਰੋਧੀ ਕਰ ਰਹੇ ਨੇ ‘ਕੈਪਟਨ’ ਦਾ ਇਸਤੇਮਾਲ

PunjabKesari

ਵਿਜੀਲੈਂਸ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਲਗਾਤਾਰ ਫਰਾਰ ਦੱਸਿਆ ਜਾ ਰਿਹਾ ਸੀ ਅਤੇ ਉਸ ਵੱਲੋਂ ਅਗਾਊਂ ਜ਼ਮਾਨਤ ਲਈ ਰੂਪਨਗਰ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਜ਼ਿਕਰਯੋਗ ਹੈ ਕਿ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਘਿਰੇ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਵੱਲੋਂ ਰਿਸ਼ਵਤ ਲਈ ਗਈ ਹੈ ਜਾਂ ਨਹੀਂ 'ਜਗ ਬਾਣੀ' ਇਸ ਦੀ ਪੁਸ਼ਟੀ ਨਹੀਂ ਕਰਦਾ, ਕਿਉਂਕਿ ਇਹ ਮਾਣਯੋਗ ਅਦਾਲਤ ਵੱਲੋਂ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਸਬ-ਇੰਸਪੈਕਟਰ ਜੀਤ ਰਾਮ ਮਾਮਲੇ ਵਿਚ ਦੋਸ਼ੀ ਹੈ ਜਾਂ ਬੇਕਸੂਰ। ਸ਼ਿਕਾਇਤਕਰਤਾ ਵੱਲੋਂ ਜੋ ਵਿਜੀਲੈਂਸ ਦੇ ਕੋਲ ਸਬ-ਇੰਸਪੈਕਟਰ ਵੱਲੋਂ ਪੈਸੇ ਮੰਗਣ ਦੀ ਆਡੀਓ ਰਿਕਾਰਡਿੰਗ ਪੇਸ਼ ਕੀਤੀ ਗਈ ਹੈ, ਉਹ ਜ਼ਰੂਰ ਕਿਤੇ ਨਾ ਕਿਤੇ ਸਬ-ਇੰਸਪੈਕਟਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀ ਹੈ ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜੇ ਪਰਗਟ ਸਿੰਘ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News