ਘਰ ’ਤੇ ਹਮਲਾ, ਨੌਜਵਾਨ ਜ਼ਖਮੀ

08/22/2018 1:34:58 AM

ਮਾਲੇਰਕੋਟਲਾ, (ਯਾਸੀਨ)–ਵਿਸ਼ਵਕਰਮਾ ਮੰਦਰ ਨੇੜੇ ਕੁੱਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਘਰ ’ਤੇ ਹਮਲਾ ਕਰ ਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਮੁਹੰਮਦ ਰਿਜ਼ਵਾਨ (26)  ਪੁੱਤਰ ਸਲਾਮਦੀਨ ਵਾਸੀ ਨੇਡ਼ੇ ਵਿਸ਼ਵਕਰਮਾ ਮੰਦਰ ਦੁਲਮਾਂ ਰੋਡ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੰਗਲਵਾਰ  ਸਵੇਰੇ ਕਰੀਬ 11 ਵਜੇ ਉਹ ਕੁੱਝ ਰੌਲੇ-ਰੱਪੇ ਦੀ ਆਵਾਜ਼ ਸੁਣ ਕੇ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ  ਕੁਝ  ਲੋਕ ਉਨ੍ਹਾਂ ਦੇ ਘਰ ਦੇ ਬਾਹਰ ਹਮਲਾ ਕਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਸਣੇ ਖੜ੍ਹੇ ਦਰਵਾਜ਼ਾ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ ਅਤੇ ਉਸ ਦੇ ਬਾਹਰ ਜਾਂਦੇ ਹੀ ਉਨ੍ਹਾਂ  ’ਚੋਂ ਕਿਸੇ ਨੇ ਉਸ ਦੇ ਸਿਰ ’ਤੇ ਗੰਡਾਸੀ ਮਾਰੀ, ਜਿਸ ਨਾਲ ਉਹ ਬੇਹੋਸ਼ ਹੋ ਕੇ ਉਸੇ ਥਾਂ ’ਤੇ ਡਿੱਗ ਪਿਆ। ਰਿਜ਼ਵਾਨ ਦੇ ਚਾਚਾ ਅਬਦੁਲ ਸਤਾਰ ਮੁਸਾਫਿਰ ਨੇ ਦੱਸਿਆ ਕਿ ਰੌਲੇ ਦੀ ਆਵਾਜ਼ ਸੁਣ ਕੇ ਜਦੋਂ ਉਹ ਆਪਣੇ ਕਮਰੇ ’ਚੋਂ ਬਾਹਰ ਆਇਆ ਤਾਂ ਕੁੱਝ ਲੋਕ  ਉਨ੍ਹਾਂ ਦੇ ਘਰ ’ਤੇ ਹਮਲਾ ਕਰ ਰਹੇ ਸਨ, ਜਿਨ੍ਹਾਂ ਕੋਲ ਡਾਂਗਾਂ ਤੋਂ ਇਲਾਵਾ ਇਕ ਕਿਰਪਾਨ ਤੇ ਇਕ ਗੰਡਾਸੀ ਸੀ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਉਸ ਦੇ ਭਤੀਜੇ ਰਿਜ਼ਵਾਨ ਦੇ ਗੰਡਾਸੀ ਸਿਰ ’ਤੇ ਮਾਰੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਵਜ੍ਹਾ ਰੰਜਿਸ਼ ਨਾਲੀ ਦਾ ਕੋਈ ਰੌਲਾ ਦੱਸਿਆ ਜਾ ਰਿਹਾ ਹੈ। ਮਰੀਜ਼ ਦੇ ਵਾਰਸਾਂ ਅਨੁਸਾਰ ਮਰੀਜ਼ ਦੀ ਹਾਲਤ ਕਾਫੀ  ਗੰਭੀਰ ਹੈ।ਦੂਜੇ ਪਾਸੇ ਡਾ. ਜਯੋਤੀ ਕਪੂਰ ਅਨੁਸਾਰ ਮਰੀਜ਼ ਦੇ ਸਿਰ ’ਚ ਸੱਟ ਲੱਗੀ ਹੈ ਅਤੇ ਉਨ੍ਹਾਂ ਫਿਲਹਾਲ ਟਾਂਕੇ ਲਾ ਕੇ ਪੱਟੀਆਂ ਵਗੈਰਾ ਕਰ ਦਿੱਤੀਆਂ ਹਨ ਅਤੇ ਬਾਕੀ ਸਥਿਤੀ ਐਕਸਰੇ ਵਗੈਰਾ ਤੋਂ ਬਾਅਦ ਸਪੱਸ਼ਟ ਹੋਵੇਗੀ।