ਨਹਿਰੀ ਪਾਣੀ ਦੇ ਝਗਡ਼ੇ ਸਬੰਧੀ 1 ਵਿਰੁੱਧ ਮਾਮਲਾ ਦਰਜ

07/19/2018 7:21:13 AM

 ਸ੍ਰੀ ਮੁਕਤਸਰ ਸਾਹਿਬ (ਦਰਦੀ) - ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਰਾਮ ਮਹਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੀ ਸ਼ਿਕਾਇਤ ’ਤੇ ਜਗਸੀਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਮਾਂਗਟਕੇਰ  ਵਿਰੁੱਧ  ਨਹਿਰੀ ਪਾਣੀ ਦੇ ਆਪਸੀ ਝਗਡ਼ੇ ਕਾਰਨ ਰਾਮ ਮਹਿੰਦਰ ਸਿੰਘ ਮਾਰ-ਕੁੱਟ ਅਤੇ ਤੇਜ਼ ਹਥਿਆਰ ਨਾਲ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ  ਹੈ।ਥਾਣਾ ਸਦਰ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਮ ਮਹਿੰਦਰ ਸਿੰਘ, ਜੋ ਕਿ ਖੇਤੀਬਾਡ਼ੀ ਕਰਦਾ ਹੈ ਅਤੇ ਉਸ ਕੋਲ 10 ਕਿੱਲੇ ਜ਼ਮੀਨ ਹੈ। 10 ਜੁਲਾਈ ਨੂੰ ਕੌਰ ਸਿੰਘ ਪੁੱਤਰ ਸਾਹਿਬ ਸਿੰਘ ਤੋਂ ਰਾਮ ਮਹਿੰਦਰ ਸਿੰਘ ਨੇ ਨਹਿਰੀ ਪਾਣੀ ਦੀ ਵਾਰੀ ਉਧਾਰੀ ਲੈ ਕੇ ਕਰੀਬ ਰਾਤ 8:00 ਵਜੇ ਆਪਣੇ ਲਡ਼ਕੇ ਗੁਰਦੀਪ ਸਿੰਘ ਨਾਲ ਫਸਲ ਨੂੰ ਪਾਣੀ ਲਾਉਣਾ ਸ਼ੁਰੂ ਕੀਤਾ ਤਾਂ ਉੱਥੇ ਜਗਸੀਰ ਸਿੰਘ ਆਪਣੇ ਸੀਰੀ ਗੋਰਾ ਸਿੰਘ ਨਾਲ ਮੌਕੇ ’ਤੇ ਪਹੁੰਚ ਗਿਆ ਅਤੇ ਉਸ ਨੂੰ ਪਾਣੀ ਨਾ ਲਾਉਣ ਬਾਰੇ ਕਿਹਾ ਤੇ ਉਸ ਨਾਲ ਝਗਡ਼ਾ ਕੀਤਾ।
ਇਸ ਸਮੇਂ ਰਾਮ ਮਹਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਨੇ ਵਾਰੀ ਉਧਾਰੀ ਲਈ ਹੈ ਪਰ ਜਗਸੀਰ ਸਿੰਘ ਨੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਹਾਜ਼ਰ ਉਸ ਦੇ ਲਡ਼ਕੇ ਨੇ ਉਸ ਨੂੰ ਛੁਡਵਾਇਆ ਅਤੇ  ਜ਼ਖ਼ਮੀ ਹਾਲਤ ’ਚ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾਖਲ ਕਰਵਾਇਆ। ਰਾਮ ਮਹਿੰਦਰ ਸਿੰਘ ਦੇ ਐਕਸ-ਰੇਅ ਅਤੇ ਡਾਕਟਰੀ ਰਿਪੋਰਟ ਦੇ ਅਾਧਾਰ ’ਤੇ ਪੁਲਸ ਨੇ ਮੁਲਜ਼ਮ ਜਗਸੀਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।