6 ਦਿਨਾਂ ਤੋਂ ਮਾਤਾ-ਪਿਤਾ ਨੂੰ ਨਿਆਂ ਦਿਵਾਉਣ ਲਈ ਧੱਕੇ ਖਾ ਰਿਹੈ ਜਗਦੇਵ ਸਿੰਘ

07/24/2017 7:50:24 AM

ਗਿੱਦੜਬਾਹਾ  (ਸੰਧਿਆ) - ਪਿੰਡ ਪਿਉਰੀ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਮਾਰੂ ਹਥਿਆਰਾਂ ਨਾਲ ਹਮਲਾ ਕਰ ਕੇ ਹਮਲਾਵਰ ਸ਼ਰੇਆਮ ਪਿੰਡ 'ਚ ਘੁੰਮ ਰਹੇ ਹਨ ਜਦਕਿ ਗੰਭੀਰ ਰੂਪ 'ਚ ਜ਼ਖਮੀ ਪਤੀ-ਪਤਨੀ ਨਿਆਂ ਮਿਲਣ ਦੀ ਉਡੀਕ 'ਚ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਦਾ ਬੇਟਾ ਪਿਛਲੇ 6 ਦਿਨਾਂ ਤੋਂ ਆਪਣੇ ਮਾਤਾ-ਪਿਤਾ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਸਜ਼ਾ ਦਿਵਾਉਣ ਲਈ ਨਿਆਂ ਮਿਲਣ ਦੀ ਉਡੀਕ 'ਚ ਦਰ-ਦਰ ਧੱਕੇ ਖਾ ਰਿਹਾ ਹੈ। ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਜਲੌਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ 17 ਜੁਲਾਈ ਨੂੰ ਸਵੇਰੇ ਸਾਢੇ 9 ਵਜੇ ਪਿੰਡ ਪਿਉਰੀ ਦੇ ਬੱਸ ਅੱਡੇ ਤੋਂ ਜਦੋਂ ਗਿੱਦੜਬਾਹਾ ਨੂੰ ਆ ਰਹੇ ਸਨ ਤਾਂ ਪਿੰਡ ਦੇ ਹੀ ਰਹਿਣ ਵਾਲੇ ਦੋ ਵਿਅਕਤੀਆਂ ਨੇ ਪਿੰਡ ਦੇ ਬੱਸ ਅੱਡੇ 'ਤੇ ਆ ਕੇ ਸ਼ਰੇਆਮ ਉਸ ਨੂੰ ਤੇ ਉਸਦੀ ਪਤਨੀ ਦੇ ਸਿਰ ਤੇ ਲੱਤਾਂ 'ਤੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਇਲਾਜ ਲਈ 17 ਜੁਲਾਈ ਨੂੰ ਹੀ ਦਾਖਲ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੈਡੀਕਲ ਅਫ਼ਸਰ ਵੱਲੋਂ ਉਨ੍ਹਾਂ ਦੋਵਾਂ ਦੀ ਐੱਮ. ਐੱਲ. ਆਰ. ਕੱਟ ਕੇ ਸਥਾਨਕ ਪੁਲਸ ਸਟੇਸ਼ਨ ਵਿਖੇ ਭੇਜ ਦਿੱਤੀ ਗਈ। ਪੁਲਸ ਵੱਲੋਂ ਹਸਪਤਾਲ 'ਚ ਆ ਕੇ ਪਤੀ-ਪਤਨੀ ਦੇ ਬਿਆਨ ਵੀ ਲਏ ਗਏ ਪਰ ਅਜੇ ਤੱਕ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਉਕਤ ਦੋਵਾਂ ਵਿਅਕਤੀਆਂ ਨੂੰ ਪੁਲਸ ਨੇ ਨਹੀਂ ਫੜਿਆ। ਇਸ ਲਈ ਉਨ੍ਹਾਂ ਵੱਲੋਂ 22 ਜੁਲਾਈ ਨੂੰ ਗਿੱਦੜਬਾਹਾ ਦੇ ਡੀ. ਐੱਸ. ਪੀ. ਰਾਜਪਾਲ ਸਿੰਘ ਅਤੇ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਸੁਸ਼ੀਲ ਕੁਮਾਰ ਨੂੰ ਵੀ ਉਨ੍ਹਾਂ ਦੇ ਪੁੱਤਰ ਜਗਦੇਵ ਸਿੰਘ ਵੱਲੋਂ ਲਿਖਤੀ ਰੂਪ 'ਚ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਪਿਛਲੇ 6 ਦਿਨਾਂ ਤੋਂ ਨਿਆਂ ਮਿਲਣ ਦੀ ਉਡੀਕ 'ਚ ਪੁਲਸ ਸਟੇਸ਼ਨ ਦੇ ਚੱਕਰ ਕੱਟ ਰਹੇ ਹਨ।
ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ : ਹਰਨੇਕ ਸਿੰਘ
ਇਸ ਸਬੰਧੀ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਉਕਤ ਕੇਸ ਨੂੰ ਉਹ ਵੇਖ ਰਹੇ ਹਨ ਅਤੇ ਮੁਕੰਮਲ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।