ਸ਼ਰਮਸਾਰ ਹੋਈ ਇਨਸਾਨੀਅਤ, ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਦੇ ਸ਼ਹਿਰ ਦੀ ਹੱਦਬੰਦੀ ''ਚ ਰੁਲਦਾ ਰਿਹਾ ਭਰੂਣ

10/21/2017 7:12:57 PM

ਨਾਭਾ (ਭੁਪਿੰਦਰ ਭੂਪਾ) : ਦੀਵਾਲੀ ਵਾਲੀ ਰਾਤ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਮਾਂ ਨੇ ਪੰਜ ਮਹੀਨੇ ਦੇ ਭਰੂਣ ਨੂੰ ਸੁੱਟ ਦਿੱਤਾ ਅਤੇ ਇਹ ਭਰੂਣ ਮੁੱਖ ਮੰਤਰੀ ਅਤੇ ਦੋ ਕੈਬਨਿਟ ਮੰਤਰੀਆਂ ਦੇ ਸ਼ਹਿਰਾਂ ਦੀ ਹੱਦਬੰਦੀ ਵਿਚ ਘੰਟਿਆਂ ਬੱਧੀ ਰੁਲਦਾ ਰਿਹਾ। ਜ਼ਿਕਰਯੋਗ ਹੈ ਕਿ ਨਾਭਾ ਦੀ ਜਸਪਾਲ ਕਲੋਨੀ ਵਿਖੇ ਇਕ ਭਰੂਣ ਦੇ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਸੀ। ਜਿਸਦੀ ਸੂਚਨਾ ਮਿਲਦੇ ਹੀ ਥਾਣੇਦਾਰ ਹਰਜੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਭਰੂਣ ਨੂੰ ਕਬਜ਼ੇ 'ਚ ਲੈ ਲਿਆ, ਜਿਸ ਦਾ ਪੋਸਟਮਾਰਟਮ ਨਾਭਾ ਸਿਵਲ ਹਸਪਤਾਲ ਵਿਖੇ ਹੋਣਾ ਸੀ ਪਰ ਮੌਕੇ 'ਤੇ ਤਾਇਨਾਤ ਮੈਡੀਕਲ ਅਫਸਰ ਨੇ ਇਸ ਭਰੂਣ ਨੂੰ ਪਟਿਆਲਾ ਵਿਖੇ ਪੋਸਟਮਾਰਟਮ ਕਰਵਾਉਣ ਦੀ ਹਦਾਇਤ ਕੀਤੀ।
ਇਸ ਤੋਂ ਬਾਅਦ ਏ.ਐਸ.ਆਈ. ਭਰੂਣ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲੈ ਗਏ ਜਿਥੇ ਅਧਿਕਾਰੀਆਂ ਨੇ ਭਰੂਣ ਦੇ ਨਾਭਾ ਵਿਖੇ ਮਿਲਣ ਕਾਰਨ ਮੁੜ ਵਾਪਿਸ ਨਾਭਾ ਸਿਵਲ ਹਸਪਤਾਲ ਲਿਜਾਉਣ ਦੇ ਆਦੇਸ਼ ਦੇ ਦਿੱਤੇ। ਇਸ ਤੋਂ ਬਾਅਦ ਥਾਣੇਦਾਰ ਹਰਜੀਤ ਸਿੰਘ ਨੇ ਨਾਭਾ ਸਿਵਲ ਹਸਪਤਾਲ ਦੇ ਸਟਾਫ ਨਾਲ ਰਾਬਤਾ ਕਾਇਮ ਕਰਕੇ ਰਾਜਿੰਦਰਾ ਹਸਪਤਾਲ ਦੀਆਂ ਜਾਰੀ ਹਦਾਇਤਾਂ ਸਬੰਧੀ ਜਾਣੂ ਕਰਵਾਇਆ। ਜਿਸ 'ਤੇ ਕਾਰਵਾਈ ਕਰਦਿਆਂ ਨਾਭਾ ਸਿਵਲ ਹਸਪਤਾਲ ਦੇ 4 ਮੈਡੀਕਲ ਅਫਸਰਾਂ ਦਾ ਪੈਨਲ ਬਣਾਇਆ ਗਿਆ ਜਿਨ੍ਹਾਂ ਨੇ ਇਸ 5 ਮਹੀਨੇ ਦੇ ਭਰੂਣ ਦਾ ਪੋਸਟਮਾਰਟਮ ਕੀਤਾ ਅਤੇ ਜ਼ਰੂਰੀ ਸੈਂਪਲ ਲਏ। ਇਸ ਉਪਰੰਤ ਏ.ਐਸ.ਆਈ. ਹਰਜੀਤ ਸਿੰਘ ਅਤੇ ਨਗਰ ਕੌਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਵਲੋਂ ਥੂਹੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਇਸ ਭਰੂਣ ਨੂੰ ਦਫਨਾਉਣ ਦਾ ਇੰਤਜਾਮ ਕੀਤਾ ਗਿਆ। ਮੈਡੀਕਲ ਅਫਸਰਾਂ ਦੇ ਅਧੂਰੇ ਗਿਆਨ ਕਾਰਨ ਇਹ ਭਰੂਣ ਦੋ ਸ਼ਹਿਰਾਂ ਦੀ ਹੱਦਬੰਦੀ 'ਚ ਰੁਲਦਾ ਰਿਹਾ ਜਿਸਦੀ ਇਲਾਕੇ 'ਚ ਕਾਫੀ ਚਰਚਾ ਹੈ। ਜਦੋਂ ਇਸ ਸਬੰਧੀ ਨਾਭਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦਲਵੀਰ ਕੌਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਹੀ ਮੁਨਾਸਿਫ ਨਹੀਂ ਸਮਝਿਆ।