ਫੈਸਟੀਵਲ ਸੀਜ਼ਨ ਦੌਰਾਨ ਐਕਸ਼ਨ ''ਚ ਜਲੰਧਰ ਪੁਲਸ ਕਮਿਸ਼ਨਰ: ਅਨਫਿੱਟ ਮੁਲਾਜ਼ਮਾਂ ਦਾ ਹੋਵੇਗਾ ਤਬਾਦਲਾ

10/30/2021 11:05:05 AM

ਜਲੰਧਰ (ਸੁਧੀਰ)– ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਫੈਸਟੀਵਲ ਸੀਜ਼ਨ ਕਾਰਨ ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਮਿਸ਼ਨਰੇਟ ਪੁਲਸ ਵਿਚ ਕਾਫ਼ੀ ਬਦਲਾਅ ਕੀਤੇ ਹਨ। ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸਭ ਤੋਂ ਪਹਿਲਾਂ ਸ਼ਹਿਰ ਵਿਚ ਪੀ. ਸੀ. ਆਰ. ਦਸਤੇ ਨੂੰ ਐਕਟਿਵ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸ਼ੁੱਕਰਵਾਰ ਪੁਲਸ ਕਮਿਸ਼ਨਰ ਦਫ਼ਤਰ ਵਿਚ ਸਾਰੇ ਪੀ. ਸੀ. ਆਰ. ਮੁਲਾਜ਼ਮਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੀ. ਸੀ. ਆਰ. ਦਸਤੇ ਦੇ ਮੋਟਰਸਾਈਕਲਾਂ ਅਤੇ ਜ਼ੂਲੋ ਗੱਡੀਆਂ ’ਤੇ ਜੀ. ਪੀ. ਆਰ. ਐੱਸ. ਲੱਗਣਗੇ ਅਤੇ ਸਾਰੇ ਨੌਜਵਾਨ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਦੂਜੇ ਪਾਸੇ ਅਨਫਿੱਟ ਮੁਲਾਜ਼ਮਾਂ ਦਾ ਤਬਾਦਲਾ ਕੀਤਾ ਜਾਵੇਗਾ।

ਸੀ. ਪੀ. ਨੇ ਕਿਹਾ ਕਿ ਸ਼ਹਿਰ ਨੂੰ ਜੁਰਮ ਅਤੇ ਨਸ਼ਾ-ਮੁਕਤ ਬਣਾਉਣਾ ਮੇਰਾ ਮੁੱਖ ਟੀਚਾ ਹੈ। ਆਉਣ ਵਾਲੇ ਸਮੇਂ ਵਿਚ ਕਮਿਸ਼ਨਰੇਟ ਪੁਲਸ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਜੁਰਮਾਂ ’ਤੇ ਕਾਬੂ ਪਾਉਣ ਲਈ ਸਭ ਤੋਂ ਪਹਿਲਾਂ ਪੀ. ਸੀ. ਆਰ. ਦਸਤੇ ਨੂੰ ਐਕਟਿਵ ਕਰਨਾ ਜ਼ਰੂਰੀ ਹੈ ਕਿਉਂਕਿ ਕੰਟਰੋਲ ਰੂਮ ਤੋਂ ਕਿਸੇ ਵੀ ਤਰ੍ਹਾਂ ਦਾ ਮੈਸੇਜ ਆਉਣ ’ਤੇ ਸਭ ਤੋਂ ਪਹਿਲਾਂ ਪੀ. ਸੀ. ਆਰ. ਦਸਤਾ ਹੀ ਘਟਨਾ ਸਥਾਨ ’ਤੇ ਪਹੁੰਚਦਾ ਹੈ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ

ਉਨ੍ਹਾਂ ਦੱਸਿਆ ਕਿ ਪੀ. ਸੀ. ਆਰ. ਦਸਤੇ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਲਈ ਸਾਰੇ ਵਾਹਨਾਂ ’ਤੇ ਜੀ. ਪੀ. ਆਰ. ਐੱਸ. ਸਿਸਟਮ ਲੱਗੇਗਾ। ਜੀ. ਪੀ. ਆਰ. ਐੱਸ ਲੱਗਣ ਨਾਲ ਇਕ ਤਾਂ ਮੁਲਾਜ਼ਮਾਂ ਦੀ ਲੋਕੇਸ਼ਨ ਨੂੰ ਟਰੇਸ ਕਰਨਾ ਆਸਾਨ ਹੋਵੇਗਾ, ਦੂਜਾ ਮੁਲਾਜ਼ਮਾਂ ਲਈ ਝੂਠ ਬੋਲਣਾ ਵੀ ਮੁਸ਼ਕਲ ਹੋਵੇਗਾ। ਇਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਮੋਬਾਇਲ ਵਿਚ ਐਪ ਵੀ ਡਾਊਨਲੋਡ ਕੀਤੀ ਜਾਵੇਗੀ, ਜਿਸ ਤਹਿਤ ਉਕਤ ਐਪ ਜ਼ਰੀਏ ਪੀ. ਸੀ. ਆਰ. ਮੁਲਾਜ਼ਮਾਂ ਦੀ ਕਾਰਗੁਜ਼ਾਰੀ ’ਤੇ ਅਧਿਕਾਰੀ ਨਜ਼ਰ ਰੱਖਣਗੇ। ਸੀ. ਪੀ. ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖ਼ੁਦ ਵੀ ਪੀ. ਸੀ. ਆਰ. ਦਸਤੇ ’ਤੇ ਨਜ਼ਰ ਰੱਖਣਗੇ। ਉਨ੍ਹਾਂ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਡਿਊਟੀ ਵਿਚ ਲਾਪ੍ਰਵਾਹੀ ਵਰਤਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਪੀ. ਸੀ. ਆਰ. ਮੁਲਾਜ਼ਮਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ। ਉਨ੍ਹਾਂ 231 ਪੀ. ਸੀ. ਆਰ. ਮੁਲਾਜ਼ਮਾਂ ਨੂੰ ਜੁਰਮਾਂ ’ਤੇ ਕਾਬੂ ਪਾਉਣ ਲਈ ਐਕਟਿਵ ਕੀਤਾ। ਇਸ ਮੌਕੇ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਗਗਨੇਸ਼ ਕੁਮਾਰ, ਏ. ਸੀ. ਪੀ. ਹਰਬਿੰਦਰ ਸਿੰਘ ਭੱਲਾ ਸਮੇਤ ਕਮਿਸ਼ਨਰੇਟ ਪੁਲਸ ਦੇ ਹੋਰ ਅਧਿਕਾਰੀ ਮੌਜੂਦ ਸਨ।

ਤੁਸੀਂ ਮਨਾਓ ਦੀਵਾਲੀ, ਪੁਲਸ ਕਰੇਗੀ ਰਖਵਾਲੀ: ਨੌਨਿਹਾਲ ਸਿੰਘ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ, ਇਸ ਦੇ ਤਹਿਤ ਉਨ੍ਹਾਂ ਨੇ ਸ਼ਹਿਰ ਵਿਚ ਨਾਕਿਆਂ ’ਤੇ ਕਰਮਚਾਰੀਆਂ ਦੀ ਗਿਣਤੀ ਵਧਾ ਦਿੱਤੀ ਹੈ। ਰਾਤ 7 ਤੋਂ 11 ਵਜੇ ਤੱਕ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਪੁਲਸ ਫੋਰਸ ਸਮੇਤ ਨਾਕਿਆਂ ’ਤੇ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਤੁਸੀਂ ਦੀਵਾਲੀ ਮਨਾਓ, ਪੁਲਸ ਰਖਵਾਲੀ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ 24 ਘੰਟੇ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਲਈ ਹਾਜ਼ਰ ਹੈ।

ਇਹ ਵੀ ਪੜ੍ਹੋ: ਟਿਕਰੀ ਬਾਰਡਰ ਹਾਦਸਾ: ਪੰਜਾਬ ਸਰਕਾਰ ਵੱਲੋਂ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ

ਨਾਕਿਆਂ ’ਤੇ ਲੱਗੇ ਬੈਰੀਕੇਡ ’ਤੇ ਲੱਗਣਗੀਆਂ ਬਲਿੰਗ ਕਰਨ ਵਾਲੀ ਰੈੱਡ ਲਾਈਟਸ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਲੱਗਣ ਵਾਲੇ ਨਾਕਿਆਂ ’ਤੇ ਲੱਗੇ ਬੈਰੀਕੇਡ ’ਤੇ ਬਲਿੰਗ ਕਰਨ ਵਾਲੀਆਂ ਰੈੱਡ ਲਾਈਟਾਂ ਲਾਈਆਂ ਜਾਣਗੀਆਂ ਤਾਂ ਕਿ ਵਾਹਨ ਚਾਲਕਾਂ ਨੂੰ ਦੂਰ ਤੋਂ ਹੀ ਪੁਲਸ ਦੇ ਨਾਕਿਆਂ ਬਾਰੇ ਪਤਾ ਲੱਗ ਸਕੇ। ਕਈ ਵਾਰ ਰਾਤ ਸਮੇਂ ਹਨ੍ਹੇਰਾ ਹੋਣ ਕਾਰਨ ਲੋਕਾਂ ਨੂੰ ਸੜਕਾਂ ’ਤੇ ਪਏ ਬੈਰੀਕੇਡਾਂ ਬਾਰੇ ਪਤਾ ਨਹੀਂ ਲੱਗਦਾ, ਜਿਸ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਪੁਰਾਣੇ ਵਾਹਨਾਂ ਨੂੰ ਤੁਰੰਤ ਠੀਕ ਕਰਵਾਉਣ ਦੇ ਦਿਤੇ ਹੁਕਮ, ਪੀ. ਸੀ. ਆਰ. ਦੇ ਵਾਹਨਾਂ ’ਤੇ ਲੱਗ ਸਕਦੇ ਹਨ ਚਿੱਪ ਕੈਮਰੇ
ਸ਼ਹਿਰ ਵਿਚ ਕਈ ਤਰ੍ਹਾਂ ਦੇ ਬਦਲਾਅ ਲਿਆਉਣ ਦੇ ਨਾਲ-ਨਾਲ ਪੀ. ਸੀ. ਆਰ. ਦਸਤੇ ਨੂੰ ਐਕਟਿਵ ਕਰਨ ਲਈ ਅੱਜ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸਾਰੇ ਮੁਲਾਜ਼ਮਾਂ ਦੇ ਵਾਹਨਾਂ ਦਾ ਖੁਦ ਜਾਇਜ਼ਾ ਲਿਆ। ਉਨ੍ਹਾਂ ਨੇ ਜਿਨ੍ਹਾਂ ਵਾਹਨਾਂ ਵਿਚ ਖਾਮੀਆਂ ਪਾਈਆਂ ਗਈਆਂ ਉਨ੍ਹਾਂ ਨੂੰ ਤੁਰੰਤ ਠੀਕ ਕਰਵਾਉਣ ਦੇ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪੀ. ਸੀ. ਆਰ. ਕਰਮਚਾਰੀ ਸ਼ਹਿਰ ਵਿਚ ਆਪਣੇ ਵਾਹਨਾਂ ਦੀਆਂ ਬੱਤੀਆਂ ਜਲਾ ਕੇ ਅਤੇ ਹੂਟਰ ਮਾਰ ਕੇ ਪੈਟਰੋਲਿੰਗ ਕਰਨਗੇ। ਇਸ ਤੋਂ ਇਲਾਵਾ ਪੀ. ਸੀ. ਆਰ. ਕਰਮਚਾਰੀਆਂ ਦੇ ਵਾਹਨਾਂ ਅਤੇ ਚਿੱਪ ਕੈਮਰੇ ਵੀ ਲਾਏ ਜਾਣਗੇ।

ਟ੍ਰੈਫਿਕ ਵਿਵਸਥਾ ਨੂੰ ਲੈ ਕੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ 30 ਮੋਟਰਸਾਈਕਲ ਕਰਨਗੇ ਪੈਟਰੋਲਿੰਗ
ਸ਼ਹਿਰ ਵਿਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਹਿਲੀ ਵਾਰ ਪੁਲਸ ਕਮਿਸ਼ਨਰ ਨੇ ਇਕ ਵੱਡਾ ਪਲਾਨ ਤਿਆਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ’ਤੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਟ੍ਰੈਫਿਕ ਜਾਮ ਹੋਣ ਕਾਰਨ ਵੱਡੇ ਵਾਹਨਾਂ ਦਾ ਸ਼ਹਿਰ ਦੇ ਤੰਗ ਬਾਜ਼ਾਰਾਂ ਵਿਚ ਜਾਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਬਾਜ਼ਾਰਾਂ ਵਿਚ ਟਰੈਫਿਕ ਜਾਮ ਲੱਗ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ 30 ਮੋਟਰਸਾਈਕਲਾਂ ਦੇ ਦਸਤੇ ਨੂੰ ਤਿਆਰ ਕੀਤਾ ਹੈ, ਜੋ ਅੰਦਰੂਨੀ ਬਾਜ਼ਾਰਾਂ ਵਿਚ ਪਟਰੋਲਿੰਗ ਕਰੇਗਾ।

ਇਹ ਵੀ ਪੜ੍ਹੋ: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri