ਪਟਾਕੇ ਵੇਚਣ ਵਾਲੇ ਉਡਾ ਰਹੇ ਨੇ ਜੀ. ਐੱਸ. ਟੀ. ਦੀਆਂ ਧੱਜੀਆਂ!

10/17/2017 2:59:22 AM

ਜਗਰਾਓਂ(ਮਾਲਵਾ)-ਦੀਵਾਲੀ ਦਾ ਤਿਉਹਾਰ ਆਉਣ 'ਤੇ ਜਿਥੇ ਸਬੰਧਤ ਹਰ ਵਰਗ 'ਚ ਵਪਾਰੀਆਂ ਨੂੰ ਜੀ. ਐੱਸ. ਟੀ. ਦੇ ਲਾਲੇ ਪਏ ਹੋਏ ਹਨ, ਉਥੇ ਹੀ ਪਟਾਕਾ ਵਪਾਰੀ ਸ਼ਰੇਆਮ ਸਰਕਾਰੀ ਨਿਯਮਾਂ ਨੂੰ ਛਿੱਕੇ ਢੰਗ ਕੇ ਜੀ. ਐੱਸ. ਟੀ. ਦੀਆਂ ਧੱਜੀਆਂ ਉਡਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਹਰ ਸਾਲ ਵਾਂਗ ਪਟਾਕੇ ਵੇਚਣ ਵਾਲੇ ਇਸ ਵਾਰ ਵੀ ਲੋਕਾਂ ਨੂੰ ਪਟਾਕਿਆਂ ਦਾ ਬਿੱਲ ਦੇਣਾ ਜ਼ਰੂਰੀ ਨਹੀਂ ਸਮਝ ਰਹੇ ਅਤੇ ਆਪਣੀ ਮਨਮਰਜ਼ੀ ਨਾਲ ਪਟਾਕਿਆਂ ਦਾ ਰੇਟ ਲਗਾ ਕੇ ਸ਼ਰੇਆਮ ਜਿਥੇ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ, ਉਥੇ ਹੀ ਸਰਕਾਰ ਦੇ ਜੀ. ਐੱਸ. ਟੀ. ਦੇ ਨਿਯਮਾਂ ਨਾਲ ਵੀ ਖਿਲਵਾੜ ਕਰ ਰਹੇ ਹਨ। ਇਕ ਪਾਸੇ ਤਾਂ ਸਰਕਾਰ ਵੱਲੋਂ ਜੀ. ਐੱਸ. ਟੀ. ਲਾਗੂ ਕਰਕੇ ਹਰ ਵਰਗ ਨੂੰ ਪੱਕਾ ਬਿੱਲ ਕੱਟਣ ਦੇ ਨਾਲ-ਨਾਲ ਜੀ. ਐੱਸ. ਟੀ. ਟੈਕਸ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਪਟਾਕਾ ਵਪਾਰੀਆਂ ਲਈ ਇੰਝ ਜਾਪਦਾ ਜਿਵੇਂ ਇਹ ਨਿਯਮ ਅਜੇ ਤਕ ਵੀ ਲਾਗੂ ਨਹੀਂ ਹੋਇਆ। ਇਸ ਤਰ੍ਹਾਂ ਜਿਥੇ ਤਾਂ ਉਹ ਸ਼ਰੇਆਮ ਸਰਕਾਰ ਨੂੰ ਚੂਨਾ ਲਗਾ ਰਹੇ ਹਨ, ਉਥੇ ਹੀ 2 ਨੰਬਰ ਦੀ ਕਮਾਈ ਕਰਕੇ ਆਪਣੀਆਂ ਤਿਜੌਰੀਆਂ ਭਰਨ 'ਚ ਲੱਗੇ ਹੋਏ ਹਨ। ਸ਼ੇਰਆਮ ਬਿਨਾਂ ਜੀ. ਐੱਸ. ਟੀ. ਤੋਂ ਵੇਚੇ ਜਾਂਦੇ ਪਟਾਕਿਆਂ 'ਤੇ ਸਰਕਾਰੀ ਮਹਿਕਮੇ ਦੇ ਕਿਸੇ ਅਧਿਕਾਰੀ ਦੀ ਨਜ਼ਰ ਜਾਂ ਤਾਂ ਪਹੁੰਚ ਨਹੀਂ ਰਹੀ ਜਾਂ ਫਿਰ ਇਨ੍ਹਾਂ ਪ੍ਰਤੀ ਸਰਕਾਰੀ ਮਹਿਕਮੇ ਦੀਆਂ ਨਜ਼ਰਾਂ ਸਵੱਲੀਆਂ ਹੋਈਆਂ ਜਾਪਦੀਆਂ ਹਨ, ਜਿਸ ਕਰਕੇ ਸ਼ਰੇਆਮ ਲੋਕਾਂ ਨੂੰ ਪਟਾਕੇ ਵੇਚੇ ਜਾ ਰਹੇ ਹਨ। ਇਸ ਸਬੰਧੀ ਇਕ ਪਟਾਕਾ ਖਰੀਦਣ ਵਾਲੇ ਪਿੰਡ ਦੇ ਦੁਕਾਨਦਾਰ ਨੇ ਆਪਣਾ ਨਾਂ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਮੈਂ ਇਕ ਪਟਾਕਾ ਵਪਾਰੀ ਕੋਲੋਂ ਪਟਾਕੇ ਖਰੀਦਣ ਉਪਰੰਤ ਬਿੱਲ ਮੰਗਿਆ ਤਾਂ ਅੱਗੋਂ ਉਸ ਨੇ ਹੱਸ ਕੇ ਗੱਲ ਨੂੰ ਟਾਲਦਿਆਂ ਬਿੱਲ ਦੇਣ ਤੋਂ ਇਨਕਾਰ ਕਰ ਦਿੱਤਾ। ਇਥੇ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਵੱਡੇ ਵਪਾਰੀ ਕਰੋੜਾਂ ਰੁਪਏ ਦੀ ਲਾਗਤ 'ਚ ਪਟਾਕਾ ਬਾਜ਼ਾਰ 'ਚ ਉਤਾਰਦੇ ਹਨ, ਜਿਸ ਉਪਰ ਲੱਗਣ ਵਾਲੀ ਜੀ. ਐੱਸ. ਟੀ. 'ਤੇ ਮੋਟਾ ਚੂਨਾ ਲੱਗ ਰਿਹਾ ਹੈ। ਇਸ ਸੰਬੰਧੀ ਜਗਰਾਓਂ ਇਲਾਕੇ ਦੇ ਕਰੋੜਾਂ ਦੇ ਡੰਪ ਹੋਏ ਪਟਾਕਿਆਂ ਸਬੰਧੀ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ ਬ੍ਰਿਜ ਮੋਹਨ ਨਾਲ ਮੋਬਾਇਲ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਟਾਕਾ ਵਪਾਰੀਆਂ ਨਾਲ ਮੈਂ ਮੀਟਿੰਗ ਕਰਕੇ ਦੱਸਿਆ ਕਿ ਈਮਾਨਦਾਰੀ ਨਾਲ ਸਰਕਾਰ ਨੂੰ ਟੈਕਸ ਦਿਓ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਨਾਂ ਬਿੱਲ ਤੋਂ ਕੋਈ ਵੀ ਵਪਾਰੀ ਮਾਲ ਵੇਚੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਜਿਥੇ ਹਾਈਕੋਰਟ ਵੱਲੋਂ ਪਟਾਕੇ ਚਲਾਉਣ 'ਤੇ ਇਕ ਸਮਾਂ ਤੈਅ ਕੀਤਾ ਗਿਆ ਹੈ, ਉਥੇ ਹੀ ਪਟਾਕੇ ਵੇਚਣ ਲਈ ਪਟਾਕਾ ਵਪਾਰੀਆਂ ਨੂੰ ਲਾਇਸੈਂਸ ਲੈਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਦੀਵਾਲੀ ਨੂੰ 2 ਕੁ ਦਿਨ ਹੀ ਬਾਕੀ ਰਹਿ ਗਏ ਹਨ ਅਤੇ ਪਟਾਕਾ ਵੇਚਣ ਵਾਲਿਆਂ ਵੱਲੋਂ ਸਟਾਕ ਕੀਤੇ ਮਾਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਬਣੀਆਂ ਹੋਈਆਂ ਹਨ।