ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਸ ਨੇ ਬਾਜ਼ਾਰਾਂ ''ਚੋਂ ਹਟਾਏ ਨਾਜਾਇਜ਼ ਕਬਜ਼ੇ

09/22/2017 6:29:16 AM

ਕਪੂਰਥਲਾ(ਭੂਸ਼ਣ)-ਸ਼ਹਿਰ 'ਚ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਟ੍ਰੈਫਿਕ ਸਿਸਟਮ ਨੂੰ ਸੁਚਾਰੂ ਬਣਾਉਣ ਦੇ ਮਕਸਦ ਨਾਲ ਟ੍ਰੈਫਿਕ ਪੁਲਸ ਕਪੂਰਥਲਾ ਨੇ ਵੱਡੇ ਪੱਧਰ 'ਤੇ ਮੁਹਿੰਮ ਚਲਾਉਂਦੇ ਹੋਏ ਤੰਗ-ਬਾਜ਼ਾਰਾਂ ਤੋਂ ਨਾਜਾਇਜ਼ ਕਬਜ਼ੇ ਹਟਾਏ। ਜਿਸ ਦੌਰਾਨ ਸਬਜ਼ੀ ਮੰਡੀ ਖੇਤਰ ਵਿਚ ਸੜਕਾਂ 'ਤੇ ਪਏ ਸਾਮਾਨ ਨੂੰ ਹਟਾਇਆ ਗਿਆ। ਜਾਣਕਾਰੀ ਮੁਤਾਬਕ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਸ਼ਹਿਰ ਦੇ ਤੰਗ ਬਾਜ਼ਾਰਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਆਜ਼ਾਦ ਕਰਵਾਉਣ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਸਨ। ਜਿਸਦੇ ਤਹਿਤ ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਲੱਗੀਆਂ ਰੇਹੜੀਆਂ ਨੂੰ ਹਟਾ ਕੇ ਜਿਥੇ ਸੜਕਾਂ ਨੂੰ ਖੁੱਲ੍ਹਾ ਕਰਵਾਇਆ। ਉਥੇ ਹੀ ਸਬਜ਼ੀ ਮੰਡੀ ਖੇਤਰ 'ਚ ਟ੍ਰੈਫਿਕ ਸਿਸਟਮ ਨੂੰ ਪਟਰੀ 'ਤੇ ਲਿਆਉਣ ਲਈ ਸੜਕ ਦੇ ਕਾਫ਼ੀ ਹਿੱਸੇ ਤੱਕ ਲੱਗੇ ਰੇਹੜੀਆਂ ਦੇ ਸਾਮਾਨ ਨੂੰ ਪਿੱਛੇ ਹਟਾਇਆ ਅਤੇ ਇਸ ਸੰਬੰਧ ਵਿਚ ਚੇਤਾਵਨੀ ਵੀ ਦਿੱਤੀ ਗਈ। ਟ੍ਰੈਫਿਕ ਪੁਲਸ ਦੀ ਇਸ ਕਾਰਵਾਈ ਨਾਲ ਸ਼ਹਿਰ ਦੇ ਬਾਜ਼ਾਰ ਕਾਫ਼ੀ ਖੁੱਲ੍ਹੇ ਨਜ਼ਰ ਆਏ ।