ਫਿਰੋਜ਼ਪੁਰ ਜੇਲ੍ਹ ''ਚ ਫਿਰ ਤੋਂ ਸਰਚ ਮੁਹਿੰਮ ਚੱਲੀ, 7 ਹੋਰ ਮੋਬਾਇਲ ਫੋਨ ਬਰਾਮਦ

10/13/2021 2:02:52 PM

ਫਿਰੋਜ਼ਪੁਰ (ਕੁਮਾਰ) : ਪਿਛਲੇ ਕਈ ਮਹੀਨਿਆਂ ਤੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਨੂੰ ਲੈ ਕੇ ਚਰਚਾ ਵਿਚ ਚੱਲ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਫਿਰ ਤੋਂ ਵੱਡੇ ਪੱਧਰ 'ਤੇ ਸਰਚ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਦੌਰਾਨ ਜੇਲ੍ਹ ਵਿਚੋਂ 7 ਹੋਰ ਮੋਬਾਇਲ ਫੋਨ ਬਰਾਮਦ ਹੋਏ ਹਨ, ਜਿਸ ਨੂੰ ਲੈ ਕੇ ਥਾਣਾ ਸਿਟੀ ਦੀ ਪੁਲਸ ਵੱਲੋਂ ਸਹਾਇਕ ਸੁਪਰੀਡੈਂਟ ਸੁਖਜਿੰਦਰ ਸਿੰਘ ਵੱਲੋਂ ਭੇਜੇ ਗਏ ਲਿਖਤੀ ਪੱਤਰ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰੀਡੈਂਟ ਵੱਲੋਂ ਪੁਲਸ ਨੂੰ ਭੇਜੇ ਗਏ ਲਿਖਤੀ ਪੱਤਰ ਵਿਚ ਦੱਸਿਆ ਗਿਆ ਕਿ ਬੀਤੀ ਰਾਤ ਕਰੀਬ 10.10 ਵਜੇ ਉਨ੍ਹਾਂ ਨੇ ਸਟਾਫ਼ ਨੂੰ ਨਾਲ ਲੈ ਕੇ ਬਲਾਕ ਨੰਬਰ-2 ਦੀ ਬੈਰਕ ਨੰਬਰ-5 ਦੀ ਤਲਾਸ਼ੀ ਲਈ ਤਾਂ ਉੱਥੇ ਬਣੇ ਬਾਥਰੂਮ ਵਿਚੋਂ 2 ਸੈਮਸੰਗ ਕੀ-ਪੈਡ ਮੋਬਾਇਲ ਫੋਨ ਸਮੇਤ ਬੈਟਰੀ ਬਰਾਮਦ ਹੋਏ। ਇਕ ਹੋਰ ਬੈਰਕ ਦੀ ਤਲਾਸ਼ੀ ਲੈਣ 'ਤੇ ਉੱਥੇ ਬਣੇ ਰੌਸ਼ਨਦਾਨ ਵਿਚੋਂ ਇਕ ਮੋਬਾਇਲ ਫੋਨ ਰੈੱਡਮੀ ਟੱਚ ਸਕਰੀਨ ਜਿਸ ਵਿਚ ਬੈਟਰੀ ਤੇ ਏਅਰਟੈਲ ਕੰਪਨੀ ਦਾ ਸਿਮ ਕਾਰਡ ਸੀ ਅਤੇ ਇਕ ਵੀਵੋ ਕੰਪਨੀ ਦਾ ਮੋਬਾਇਲ ਸਮੇਤ ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਇਕ ਬੈਰਕ ਦੇ ਅੰਦਰ ਦੀਵਾਰ ਵਿਚੋਂ ਇੱਟ ਕੱਢ ਕੇ ਬਣਾਈ ਜਗ੍ਹਾ ਵਿਚੋਂ ਇਕ ਮੋਬਾਇਲ ਫੋਨ ਸੈਮਸੰਗ, ਇਕ ਮੋਬਾਇਲ ਫੋਨ ਵੀਵੋ ਟੱਚ ਸਕਰੀਨ ਅਤੇ ਇਕ ਫੋਨ ਨੋਕੀਆ ਕੀਪੈਡ ਜਿਨ੍ਹਾਂ ਵਿ ਬੈਟਰੀਆਂ ਤੇ ਸਿਮ ਕਾਰਡ ਵੀ ਸਨ, ਬਰਾਮਦ ਹੋਏ ਅਤੇ ਪੁਲਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਜਾਰੀ ਹੈ।
 

Babita

This news is Content Editor Babita