ਆਮਦਨੀ ਨਹੀਂ ਪਰ ਹੈੱਡਕੁਆਰਟਰ ਹੋਣ ਨਾਲ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਨੂੰ ਮਿਲੇਗੀ ਹੋਰ ਸੁਵਿਧਾ

04/06/2018 4:03:29 PM

ਹੁਸ਼ਿਆਰਪੁਰ (ਅਮਰਿੰਦਰ)- ਫਿਰੋਜ਼ਪੁਰ ਰੇਲ ਮੰਡਲ ਦੇ ਡਵੀਜ਼ਨਲ ਰੇਲਵੇ ਮੈਨੇਜਰ ਵਿਵੇਕ ਕੁਮਾਰ ਆਪਣੀ ਟੀਮ ਨਾਲ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਦੇ ਨਾਲ ਟੀਮ 'ਚ ਡਵੀਜ਼ਨਲ ਆਪ੍ਰੇਟਿੰਗ ਮੈਨੇਜਰ ਅਸ਼ੋਕ ਸਲਾਰੀਆ ਵੀ ਸਨ। ਨਿਰੀਖਣ ਦੇ ਦੌਰਾਨ ਉਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਯਾਰਡ, ਪਾਰਕ ਤੇ ਸਟੇਸ਼ਨ ਦੀ ਸਫ਼ਾਈ ਦਾ ਜਾਇਜ਼ਾ ਲੈਣ ਉਪਰੰਤ ਦਫ਼ਤਰ ਦੇ ਸਟਾਕ ਦੀ ਜਾਂਚ ਕੀਤੀ। ਰੇਲਵੇ ਸਟੇਸ਼ਨ 'ਤੇ ਟੀਮ ਨੇ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ। 
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਰੇਲਵੇ ਵੱਲੋਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਨੂੰ ਆਮਦਨੀ ਨਾ ਹੋਣ ਦੇ ਬਾਵਜੂਦ ਜ਼ਿਲਾ ਹੈੱਡਕੁਆਰਟਰ ਹੋਣ ਦੀ ਵਜ੍ਹਾ ਨਾਲ ਸਾਰੀਆਂ ਸਹੂਲਤਾਂ ਮਿਲਣ ਵਾਲੀਆਂ ਹਨ ਜਿਸ ਦਾ ਅਜੇ ਅਸੀਂ ਖੁਲਾਸਾ ਨਹੀਂ ਕਰ ਸਕਦੇ। ਫਗਵਾੜਾ ਰੋਡ 'ਤੇ ਰੇਲਵੇ ਓਵਰਬ੍ਰਿਜ 'ਤੇ ਉਨ੍ਹਾਂ ਨੇ ਸਾਫ਼ ਕਿਹਾ ਕਿ ਰਾਜ ਸਰਕਾਰ ਵੱਲੋਂ ਮੈਚਿੰਗ ਗ੍ਰਾਂਟ ਮਿਲੇ ਤਾਂ ਰੇਲਵੇ ਓਵਰਬ੍ਰਿਜ ਬਣਾਉਣ ਨੂੰ ਤਿਆਰ ਹੈ। ਰੇਲਵੇ ਵੱਲੋਂ ਓਵਰਬ੍ਰਿਜ  ਲਈ 14.60 ਕਰੋੜ ਰੁਪਏ ਦਾ ਬਜਟ ਪਾਸ ਹੈ।
ਨਵਾਂ ਟਰੈਕ ਵਿਛਾਉਣ ਲਈ ਨਹੀਂ ਕੋਈ ਯੋਜਨਾ
ਡੀ.ਆਰ.ਐੱਮ. ਵਿਵੇਕ ਕੁਮਾਰ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਹੁਸ਼ਿਆਰਪੁਰ ਨੂੰ  ਊਨਾ, ਫਗਵਾੜਾ, ਇੰਦੋਰਾ ਜਾਂ ਟਾਂਡਾ ਨਾਲ ਜੋੜਨ ਲਈ ਅਜੇ ਕੋਈ ਯੋਜਨਾ ਰੇਲਵੇ ਨੇ ਤਿਆਰ ਨਹੀਂ ਕੀਤੀ । ਪਿੱਛੇ ਹੋਏ ਸਰਵੇ ਰਿਪੋਰਟ ਸਬੰਧੀ ਪ੍ਰਸ਼ਨ 'ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਹੁਸ਼ਿਆਰਪੁਰ ਸਟੇਸ਼ਨ 'ਤੇ 16 ਘੰਟੇ ਖੜ੍ਹੀ ਰਹਿੰਦੀ ਦਿੱਲੀ ਐਕਸਪ੍ਰੈੱਸ ਟਰੇਨ ਨੂੰ ਦਿਨ ਦੇ ਸਮੇਂ ਹੁਸ਼ਿਆਰਪੁਰ-ਚੰਡੀਗੜ੍ਹ ਵਿਚਕਾਰ ਚਲਾਈ ਜਾਣ ਦੀ ਰੇਲਵੇ ਦੀ ਪੁਰਾਣੀ ਯੋਜਨਾ ਸਬੰਧੀ ਪ੍ਰਸ਼ਨ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਸਿਰਫ਼ ਕੋਚ ਉਪਲੱਬਧ ਹੋਣ ਜਾਣ ਨਾਲ ਨਵੇਂ ਟਰੈਕ 'ਤੇ ਟਰੇਨ ਚਲਾਉਣ ਦੀ ਫਿਲਹਾਲ ਰੇਲਵੇ ਦੀ ਕੋਈ ਯੋਜਨਾ ਨਹੀਂ ਹੈ। ਹੁਸ਼ਿਆਰਪੁਰ ਤੋਂ ਨਵੀਂ ਰੇਲ ਗੱਡੀ ਦੀ ਸੁਵਿਧਾ ਬਾਰੇ ਉਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਦੇ ਬਾਹਰ ਦੀ ਗੱਲ ਕਹਿ ਕੇ ਚੁੱਪੀ ਧਾਰ ਲਈ।
ਪਲੇਟਫਾਰਮ ਦੀ ਲੰਬਾਈ ਵਧਾਉਣ 'ਤੇ ਰੇਲਵੇ ਵਿਭਾਗ ਕਰੇਗਾ ਵਿਚਾਰ
ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਟਰੇਨ ਦੇ ਅੱਗੇ ਤੇ ਪਿੱਛੇ 2-2 ਡੱਬੇ ਪਲੇਟਫਾਰਮ ਦੇ ਬਾਹਰ ਖੜ੍ਹੇ ਹੋਣ ਨਾਲ ਯਾਤਰੀਆਂ ਖਾਸ ਕਰ ਕੇ ਬਜ਼ੁਰਗਾਂ, ਬੱਚਿਆਂ ਤੇ ਮਹਿਲਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਨੇ ਕਿਹਾ ਕਿ ਰੇਲਵੇ ਵਿਭਾਗ ਇਸ ਉੱਪਰ ਵਿਚਾਰ ਕਰੇਗਾ। ਰੇਲਵੇ ਸਟੇਸ਼ਨ ਨੂੰ ਜੋੜਨ ਵਾਲੀ ਫਗਵਾੜਾ ਰੋਡ ਤੇ ਸੈਸ਼ਨ ਚੌਕ 'ਚ ਵਿਚ ਖਸਤਾ ਹਾਲ ਸੜਕ 'ਤੇ ਰੌਸ਼ਨੀ ਦੀ ਵਿਵਸਥਾ ਨਾ ਹੋਣ ਨਾਲ ਰੋਜ਼ਾਨਾ ਲੁੱਟ-ਖੋਹ ਹੋਣ ਸਬੰਧੀ ਪ੍ਰਸ਼ਨ 'ਤੇ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਠੀਕ ਰੱਖਣ ਦੀ ਜ਼ਿੰਮੇਵਾਰੀ ਰੇਲਵੇ ਵਿਭਾਗ ਦੀ ਨਹੀਂ ਹੈ। ਜੇਕਰ ਸੜਕ ਖ਼ਰਾਬ ਹੈ ਤਾਂ ਰੇਲਵੇ ਵਿਭਾਗ ਇਸ ਦੀ ਮੁਰੰਮਤ ਕਰਵਾਏਗਾ।