ਪਾਕਿ 'ਚ ਛਪੇਗੀ ਸ਼ਹੀਦ ਊਧਮ ਸਿੰਘ ਜੀ ਦੀ ਜ਼ਿੰਦਗੀ 'ਤੇ ਕਿਤਾਬ

08/01/2019 11:22:55 AM

ਫਿਰੋਜ਼ਪੁਰ (ਕੁਮਾਰ) - ਭਾਰਤੀ ਖੋਜੀ ਲੇਖਕ ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ 'ਤੇ ਕਿਤਾਬ ਲਿਖੀ ਹੈ, ਜਿਸ ਨੂੰ ਪਾਕਿ 'ਚ ਸ਼ਾਹਮੁਖੀ ਭਾਸ਼ਾ 'ਚ ਛਾਪਣ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਹ ਸਾਰੀ ਜਾਣਕਾਰੀ 31 ਜੁਲਾਈ, 2019 ਨੂੰ ਪਾਕਿ ਦੇ ਲੇਖਕ ਐੱਮ.ਆਸਿਫ ਨੇ ਕਿਤਾਬ ਦਾ ਟਾਇਟਲ ਫੇਸਬੁੱਕ 'ਤੇ ਪਾ ਕੇ ਦਿੱਤੀ ਹੈ। ਦੱਸ ਦੇਈਏ ਕਿ ਪਾਕਿ ਵਿਖੇ ਕਿਸੇ ਸ਼ਹੀਦ ਦੀ ਜ਼ਿੰਦਗੀ 'ਤੇ ਛੱਪਣ ਵਾਲੀ ਇਹ ਪਹਿਲੀ ਕਿਤਾਬ ਹੈ, ਕਿਉਂਕਿ ਇਸ ਤੋਂ ਪਹਿਲਾਂ ਕਦੇ ਕਿਸੇ ਸ਼ਹੀਦ ਦੀ ਕਿਤਾਬ ਨਹੀਂ ਛੱਪੀ। ਕਿਤਾਬ ਦੇ ਮੁੱਖ ਪੰਨੇ 'ਤੇ ਸ਼ਹੀਦ ਊਧਮ ਸਿੰਘ ਜੀ ਦੀ ਤਸਵੀਰ ਅਤੇ ਪਿਛਲੇ ਪੰਨੇ 'ਤੇ ਲੇਖਕ ਰਾਕੇਸ਼ ਕੁਮਾਰ ਦੀ ਤਸਵੀਰ ਲਗਾਈ ਗਈ ਹੈ। 

ਪਾਕਿ ਲੇਖਣ ਐੱਮ.ਆਸਿਫ ਨੇ ਦੱਸਿਆ ਕਿ ਇਹ ਕਿਤਾਬ ਪੀ.ਡੀ.ਐੱਫ. ਫਾਰਮੇਟ 'ਚ ਤਿਆਰ ਹੋ ਜਾਵੇਗੀ, ਜੋ ਸ਼ਾਹਮੁਖੀ ਭਾਸ਼ਾ 'ਚ ਹੋਵੇਗੀ। ਸੂਤਰਾਂ ਅਨੁਸਾਰ ਇਸ ਕਿਤਾਬ ਦੇ ਸਬੰਧ 'ਚ ਕਾਫੀ ਸਮਾਂ ਪਹਿਲਾਂ ਹੀ ਆਸਿਫ ਨਾਲ ਗੱਲਬਾਤ ਹੋ ਗਈ ਸੀ, ਜਿਸ ਦੇ ਬਾਰੇ ਉਨ੍ਹਾਂ ਨੇ ਬਾਅਦ 'ਚ ਕੋਈ ਗੱਲ ਨਹੀਂ ਕੀਤੀ ਪਰ 31 ਜੁਲਾਈ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਫੇਸਬੁੱਕ 'ਤੇ ਆਸਿਫ ਵਲੋਂ ਭੇਜੇ ਗਏ ਟਾਈਟਲ ਤੋਂ ਇਸ ਕਿਤਾਬ ਦੇ ਬਾਰੇ ਪਤਾ ਲੱਗਾ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਨਾਲ ਸਬੰਧ ਰੱਖਣ ਵਾਲੀਆਂ 4 ਫਾਇਲਾਂ ਕੁਝ ਸਮਾਂ ਪਹਿਲਾਂ ਹੀ ਨੈਸ਼ਨਲ ਅਕਵਾਇਨ ਲੰਡਨ ਤੋਂ ਮੰਗਵਾਈਆਂ ਗਈਆਂ ਸਨ, ਜਿਨ੍ਹਾਂ 'ਚੋਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦੇ ਬਾਰੇ ਪਤਾ ਲੱਗਾ ਹੈ। ਸ਼ਹੀਦ ਊਧਮ ਸਿੰਘ ਜੀ ਨਾਲ ਸਬੰਧ ਕਈ ਫਾਇਲਾਂ ਅਜੇ ਵੀ ਬ੍ਰਿਟਿਸ਼ ਸਰਕਾਰ ਕੋਲ ਹਨ, ਜਿਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਹੋਰ ਲਿਖਿਆ ਜਾ ਸਕੇ।

rajwinder kaur

This news is Content Editor rajwinder kaur