ਟੇਂਡੀਵਾਲਾ ਬੰਨ੍ਹ ਟੁੱਟਾ ਨਹੀਂ, ਪਾਣੀ ਦੇ ਤੇਜ਼ ਵਹਾਅ ਨਾਲ ਹੋਇਆ ਸੀ ਨੁਕਸਾਨ: ਡੀ. ਸੀ.

08/27/2019 11:26:42 AM

ਫਿਰੋਜ਼ਪੁਰ (ਕੁਮਾਰ, ਭੁੱਲਰ) - ਭਾਰਤ-ਪਾਕਿ ਸਰਹੱਦ ’ਤੇ ਸਤਲੁਜ ਦਰਿਆ ਦੇ ਨਜ਼ਦੀਕ ਵੱਸੇ ਪਿੰਡ ਟੇਂਡੀਵਾਲਾ ਦੇ ਬੰਨ੍ਹ ਨੂੰ ਮਿੱਟੀ ਅਤੇ ਰੇਤਾ ਦੀਆਂ ਬੋਰੀਆਂ ਪਾ ਕੇ ਮਜ਼ਬੂਤ ਕਰ ਦਿੱਤਾ ਗਿਆ ਹੈ ਅਤੇ ਸੈਨਾ, ਨਹਿਰੀ ਵਿਭਾਗ ਦੀਆਂ ਟੀਮਾਂ ਅਤੇ ਪਿੰਡਾਂ ਦੇ ਲੋਕਾਂ ਨੇ ਦਿਨ-ਰਾਤ ਮਿਹਨਤ ਕਰ ਕੇ ਪਿੰਡ ਟੇਂਡੀਵਾਲਾ ਅਤੇ ਆਸ-ਪਾਸ ਦੇ ਪਿੰਡਾਂ ਨੂੰ ਹਡ਼੍ਹ ਤੋਂ ਬਚਾ ਲਿਆ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡਾਂ ਨੂੰ ਹਡ਼੍ਹ ਤੋਂ ਬਚਾਉਣ ਲਈ ਇਕ ਹੋਰ ਰਿੰਗ ਬੰਨ੍ਹ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਟੇਂਡੀਵਾਲਾ ਦਾ ਬੰਨ੍ਹ ਟੁੱਟਾ ਨਹੀਂ, ਬਲਕਿ ਪਾਕਿਸਤਾਨ ਵੱਲੋਂ ਭਾਰੀ ਮਾਤਰਾ ਵਿਚ ਪਾਣੀ ਛੱਡੇ ਜਾਣ ਕਾਰਣ ਪਿੰਡ ਟੇਂਡੀਵਾਲਾ ਦੇ ਬੰਨ੍ਹ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਲੋਕਾਂ ਨੇ ਚੌਕਸੀ ਵਰਤਦੇ ਹੋਏ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਲੋਕ ਟੇਂਡੀਵਾਲਾ ਬੰਨ੍ਹ ਟੁੱਟਣ ਦੀਆਂ ਝੂਠੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ।

ਇਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਸਥਿਤੀ ਪੂਰੇ ਕੰਟਰੋਲ ਵਿਚ ਹੈ ਅਤੇ ਜੇਕਰ ਸਤਲੁਜ ਦਰਿਆ ’ਚ ਪਿਛੋਂ ਜਾਂ ਪਾਕਿ ਵਲੋਂ ਪਾਣੀ ਭਾਰੀ ਮਾਤਰਾ ਵਿਚ ਛੱਡ ਦਿੱਤਾ ਜਾਂਦਾ ਹੈ ਤਾਂ ਅਜਿਹੇ ਵਿਚ ਦਰਿਆ ਦੇ ਨਾਲ ਲੱਗਦੇ ਕੁਝ ਪਿੰਡਾਂ ਵਿਚ ਹਡ਼੍ਹ ਜਿਹੀ ਸਥਿਤ ਬਣ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ, ਸੈਨਾ, ਬੀ.ਐੱਸ.ਐੱਫ, ਪੰਜਾਬ ਪੁਲਸ ਅਤੇ ਪ੍ਰਸ਼ਾਸਨਿਕ ਤੌਰ ’ਤੇ ਗਠਿਤ ਕੀਤੀਆਂ ਗਈਆਂ ਟੀਮਾਂ ਦਰਿਆ ਵਿਚ ਪਾਣੀ ਦੇ ਵਹਾਅ ’ਤੇ ਸਖਤ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮੈਡੀਕਲ ਸਹੂਲਤਾਂ, ਖਾਣ ਦੀ ਸਮੱਗਰੀ, ਪਸ਼ੂਆਂ ਲਈ ਚਾਰਾ ਅਤੇ ਦਰਿਆ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਠਹਿਰਣ ਲਈ ਕੈਂਪ ਸਥਾਪਤ ਕਰਕੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਉਹ ਖੁਦ ਸਥਿਤੀ ’ਤੇ ਨਜ਼ਰ ਰੱਖੇ ਹੋਏ ਹਨ।

rajwinder kaur

This news is Content Editor rajwinder kaur