ਔਰਤ ਨਾਲ ਕੁੱਟ-ਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

06/24/2018 5:58:58 AM

ਖਰੜ,   (ਅਮਰਦੀਪ)–  ਪਿੰਡ ਮਗਰ ਦੀ ਇਕ ਔਰਤ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖਿਲਾਫ ਥਾਣਾ ਸਦਰ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪਾਲ ਕੌਰ ਪਤਨੀ ਬਹਾਦਰ ਸਿੰਘ ਵਾਸੀ ਪਿੰਡ ਮਗਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਆਖਿਆ ਹੈ ਕਿ ਪਿਛਲੀ 16 ਜੂਨ ਨੂੰ ਹਨੇਰੀ ਆਉਣ ਕਾਰਨ ਉਨ੍ਹਾਂ ਦੇ ਘਰ ਦੇ ਨੇੜੇ ਖੰਭੇ ਤੋਂ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਸਨ ਤੇ ਜਦੋਂ ਬਿਜਲੀ ਮੁਲਾਜ਼ਮ ਤਾਰਾਂ ਜੋੜਨ ਆਏ ਤਾਂ ਉਨ੍ਹਾਂ ਦੇ ਗੁਆਂਢੀ ਮਨਦੀਪ ਸਿੰਘ ਨੇ ਉਸ ਨਾਲ ਤੇ ਉਸਦੇ ਪਰਿਵਾਰ ਨਾਲ ਇਹ ਕਹਿੰਦਿਆਂ ਕਥਿਤ ਗਾਲੀ-ਗਲੋਚ ਕੀਤੀ ਕਿ ਇਹ ਤਾਰਾਂ ਉਨ੍ਹਾਂ ਨੇ ਜਾਣਬੁੱਝ ਕੇ ਤੋੜੀਆਂ ਹਨ।

ਜਦੋਂ ਉਨ੍ਹਾਂ ਕਿਹਾ ਕਿ ਤਾਰਾਂ ਹਨੇਰੀ ਨਾਲ ਟੁੱਟੀਆਂ ਹਨ ਤਾਂ ਗੁਆਂਢੀਆਂ ਨੇ ਉਸ ਦੀ ਕੁੱਟ-ਮਾਰ ਕੀਤੀ ਤੇ ਇੱਟਾਂ-ਰੋੜੇ ਘਰ 'ਤੇ ਚਲਾਏ। ਰੋੜਾ ਸਿਰ ਵਿਚ ਵੱਜਣ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਸਿਵਲ ਹਸਪਤਾਲ ਖਰੜ ਦੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਸਰਕਾਰੀ ਹਸਪਤਾਲ ਸੈਕਟਰ-16 ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਪੁਲਸ ਨੇ ਮਨਦੀਪ ਸਿੰਘ ਉਰਫ ਮਨੀ, ਪਰਮਜੀਤ ਸਿੰਘ ਤੇ ਬਲਵੰਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।