ਦੂਰ ਤੱਕ ਪੁੱਜੀ ਫਾਜ਼ਿਲਕਾ ਦੇ ਇਸ ਘੁਲਾੜੇ ਦੇ ਗੁੜ ਦੀ ਮਹਿਕ

12/11/2019 6:34:28 PM

ਫਾਜ਼ਿਲਕਾ (ਸੁਨੀਲ ਨਾਗਪਾਲ) - ਪੁਰਾਣੇ ਸਮੇਂ ’ਚ ਵੱਖ-ਵੱਖ ਪਿੰਡਾਂ 'ਚ ਗੁੜ ਦੇ ਘਲਾੜੇ ਆਮ ਦੇਖਣ ਨੂੰ ਮਿਲਦੇ ਸਨ, ਜਿਥੇ ਲੋਕਾਂ ਦੀ ਭੀੜ ਹਮੇਸ਼ਾ ਹੁੰਦੀ ਸੀ। ਹਰ ਪਿੰਡ 'ਚ ਪਾਏ ਜਾਣ ਵਾਲੇ ਗੁੜ ਦੇ ਘਲਾੜੇ ਹੁਣ ਆਪਣੀ ਮਹੱਤਤਾ ਖੋਹ ਰਹੇ ਹਨ। ਅੱਜ ਦੇ ਆਧੁਨਿਕ ਦੌਰ ’ਚ ਸਰਹੱਦੀ ਜ਼ਿਲਾ ਫਾਜ਼ਿਲਕਾ ਦੇ ਪਿੰਡ ਚੱਕ ਪੱਖੀ ਵਿਖੇ ਘੁਲਾੜੇ ਵਾਲਾ ਗੁੜ ਬਣਾਉਣ ਦਾ ਸਿਲਸਿਲਾ ਹੁਣ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਪਿੰਡ ਚੱਕ ਪੱਖੀ ਵਾਲਾ ’ਚ ਰਹਿਣ ਵਾਲਾ ਕਿਸਾਨ ਜਸਬੀਰ ਸਿੰਘ ਸੰਧੂ ਪਿਛਲੇ 11 ਸਾਲਾ ਤੋਂ ਗੁੜ ਬਣਾਉਣ ਦਾ ਕੰਮ ਕਰ ਰਿਹਾ ਹੈ। ਉਕਤ ਕਿਸਾਨ ਜਿੱਥੇ ਆਪਣੇ ਖੇਤ ਦੀ ਫਸਲ ਤੋਂ ਸ਼ੁੱਧ ਗੁੜ ਬਣਾ ਬਾਜ਼ਾਰ 'ਚ ਵੇਚ ਕੇ ਸ਼ੁੱਧਤਾ ਦੀ ਮਿਸਾਲ ਕਾਇਮ ਕਰ ਰਿਹਾ ਹੈ, ਉਥੇ ਹੀ ਉਹ ਲੱਖਾਂ ਰੁਪਏ ਵੀ ਕਮਾ ਰਿਹਾ ਹੈ।

ਜਾਣਕਾਰੀ ਅਨੁਸਾਰ ਕਿਸਾਨ ਜਸਬੀਰ ਕੋਲ ਆਪਣੀ 5 ਤੋਂ 6 ਏਕੜ ਤੱਕ ਦੀ ਜ਼ਮੀਨ ਹੈ, ਜਿਸ ’ਚ ਉਹ ਗੰਨੇ ਦੀ ਫਸਲ ਪੈਦਾ ਕਰਕੇ ਘੁਲਾੜੇ 'ਤੇ ਗੁੜ ਬਣਾਉਂਦੇ ਹਨ। ਕਿਸਾਨ ਜਸਬੀਰ ਸਿੰਘ ਤੋਂ ਫਾਜ਼ਿਲਕਾ, ਅਬੋਹਰ, ਸ੍ਰੀ ਮੁਕਤਸਰ ਸਾਹਿਬ ਤੇ ਹੋਰ ਪਿੰਡਾਂ ਦੇ ਕਈ ਕਿਸਾਨ ਗੰਨੇ ਲੈ ਕੇ ਗੁੜ ਬਣਾਉਣ ਲਈ ਆ ਰਹੇ ਹਨ।  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਜਸਬੀਰ ਨੇ ਦੱਸਿਆ ਕਿ 1 ਏਕੜ ਤੋਂ 45 ਤੋਂ 50 ਕੁਇੰਟਲ ਗੁੜ ਬਣ ਜਾਂਦਾ ਹੈ, ਜਿਸ ਨੂੰ ਉਹ ਵੇਚਕੇ ਆਪਣਾ ਗੁਜ਼ਾਰਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਕੱਲ ਹਰ ਚੀਜ਼ ’ਚ ਮਿਲਾਵਟੀ ਪਦਾਰਥ ਪਾਏ ਜਾਂਦੇ ਹਨ, ਜੋ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਜਿਹੀ ਕੋਈ ਚੀਜ਼ ਨਹੀਂ, ਜਿਸ 'ਚ ਮਿਲਾਵਟ ਨਾ ਹੁੰਦੀ ਹੋਵੇ। ਕਿਸਾਨ ਨੇ ਕਿਹਾ ਕਿ ਬਾਜ਼ਾਰਾਂ 'ਚੋਂ ਮਿਲਾਵਟੀ ਗੁੜ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਉਹ ਪਿਛਲੇ 11 ਸਾਲਾ ਤੋਂ ਸ਼ੁੱਧ ਗੁੜ ਲੋਕਾਂ ਤੱਕ ਪਹੁੰਚਾ ਰਹੇ ਹਨ।   

rajwinder kaur

This news is Content Editor rajwinder kaur