Math 'ਚ ਮਾਸਟਰ ਹਨ ਇਸ ਸਰਕਾਰੀ ਸਕੂਲ ਦੇ ਬੱਚੇ, ਦਿਮਾਗ Calculator ਤੋਂ ਵੀ ਤੇਜ਼ (ਵੀਡੀਓ)

07/23/2019 2:30:43 PM

ਫਾਜ਼ਿਲਕਾ (ਬਿਊਰੋ) - ਵਿਦਿਆਰਥੀ ਦੇ ਜੀਵਨ 'ਚ ਸਿੱਖਿਆ ਦਾ ਅਹਿਮ ਯੋਗਦਾਨ ਹੈ, ਜਿਸ ਸਦਕਾ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ। ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਦੇਸ਼ ਤਰੱਕੀ ਕਰਦਾ ਹੈ। ਸਾਡੇ ਦੇਸ਼ 'ਚ ਭਾਵੇਂ ਸਿੱਖਿਆ ਦਾ ਪੱਧਰ ਚੰਗਾ ਨਹੀਂ, ਜਿਸ ਦੇ ਬਾਵਜੂਦ ਲੋਕ ਦੇ ਪੱਧਰ ਨੂੰ ਉੱਚਾ ਚੁੱਕਣ 'ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਹਿੰਦ-ਪਾਕਿ ਸਰਹੱਦ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਫਾਜ਼ਿਲਕਾ ਦੇ ਦੋਨਾ ਨਾਨਕਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਕ ਅਜਿਹਾ ਸਕੂਲ ਹੈ, ਜੋ ਸਾਰੇ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਇਸ ਸਕੂਲ ਨੂੰ ਚੰਗੀ ਕਾਰਗੁਜ਼ਾਰੀ ਦੇ ਸਦਕਾ ਸਟੇਟ ਅਤੇ ਨੈਸ਼ਨਲ ਐਵਾਰਡ ਮਿਲ ਚੁੱਕੇ ਹਨ, ਜਿਸ ਦਾ ਸਿਹਰਾ ਲਵਜੀਤ ਸਿੰਘ ਗਰੇਵਾਲ ਦੇ ਸਿਰ ਸੱਜਦਾ ਹੈ। ਫਾਜ਼ਿਲਕਾ ਦੇ ਇਸ ਸਕੂਲ ਨੂੰ ਨਵੀਂ ਦਿਸ਼ਾ ਅਤੇ ਵਿਦਿਆਰਥੀਆਂ 'ਚ ਹੌਂਸਲਾ ਵਧਾਉਣ ਲਈ ਲਵਜੀਤ ਸਿੰਘ ਗਰੇਵਾਲ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਮਿਲ ਚੁੱਕਾ ਹੈ।

ਦੱਸ ਦੇਈਏ ਕਿ ਇਸ ਸੂਕਲ 'ਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਇਕ ਖਾਸਿਅਤ ਇਹ ਹੈ ਕਿ ਉਨ੍ਹਾਂ ਦੀ ਗਣਿਤ 'ਚ ਬਹੁਤ ਵੱਡੀ ਉਪਲੱਬਧੀ ਹੈ। ਵਿਦਿਆਰਥੀਆਂ ਨੇ ਸੂਬੇ ਪੱਧਰ 'ਤੇ ਗਣਿਤ ਦੇ ਪਹਾੜੇ ਸੁਣਾ ਕੇ ਕਈ ਰਿਕਾਰਡ ਬਣਾਏ ਹਨ। ਇਸ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਦਿਮਾਗੀ ਸ਼ਕਤੀ ਇੰਨੀ ਤੇਜ਼ ਹੈ ਕਿ ਉਹ ਕੈਲਕੂਲੇਟਰ ਨੂੰ ਫੇਲ ਕਰ ਰਹੇ ਹਨ। ਦੂਜੀ ਜਮਾਤ ਦੇ ਵਿਦਿਆਰਥੀ 16 ਦਾ ਪਹਾੜਾ ਬਿਨਾਂ ਕਿਸੇ ਰੁਕਾਵਟ ਤੋਂ ਸੁਣਾ ਰਹੇ ਹਨ। ਅਜੌਕੇ ਸਮੇਂ 'ਚ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿੱਥੇ ਘੱਟਦੇ ਜਾ ਰਹੇ ਹਨ, ਉਥੇ ਹੀ ਇਸ ਸਕੂਲ ਦੀ ਚੌਥੀ ਜਮਾਤ 'ਚ ਪੜ੍ਹ ਰਹੀ ਵਿਦਿਆਰਥਣ ਨੇ ਪੈਂਤੀ ਅੱਖਰੀ ਸੁਣਾ ਕੇ ਸਿੱਧ ਕਰ ਦਿੱਤਾ ਕਿ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਕਿੰਨਾ ਪਿਆਰ ਹੈ ਅਤੇ ਉਹ ਅੱਜ ਵੀ ਆਪਣੀ ਬੋਲੀ ਨਾਲ ਜੁੜੇ ਹੋਏ ਹਨ।

ਇਸ ਸਕੂਲ ਦੀ ਸ਼ਾਨਦਾਰ ਇਮਾਰਤ, ਹਰਿਆ-ਭਰਿਆ ਵਾਤਾਵਰਣ, ਅੱਵਲ ਦਰਜੇ ਦੀ ਸਾਫ-ਸਫਾਈ, ਛੋਟੇ ਬੱਚਿਆਂ ਲਈ ਸਮਾਰਟ ਕਲਾਸਾਂ ਇਸ ਸਕੂਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਇਸ ਸਕੂਲ ਨੇ ਅਣਗਿਣਤ ਮੱਲਾਂ ਮਾਰੀਆਂ ਹਨ, ਜਿਸ ਦਾ ਸਿਹਰਾ ਸਕੂਲ ਦੇ ਮੁੱਖ ਅਧਿਆਪਕ ਲਵਜੀਤ ਸਿੰਘ ਅਤੇ ਸਮੁੱਚੇ ਸਟਾਫ ਨੂੰ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਇਸ ਸਕੂਲ ਨੂੰ ਇਸ ਮੁਕਾਮ 'ਤੇ ਲੈ ਕੇ ਆਉਣ ਲਈ ਲਵਜੀਤ ਸਿੰਘ ਗਰੇਵਾਲ ਨੇ ਬਹੁਤ ਮਿਹਨਤ ਕੀਤੀ ਹੈ। ਇਹ ਸਕੂਲ ਅੱਜ ਜਿਸ ਵੀ ਮੁਕਾਮ 'ਤੇ ਪੁੱਜਾ ਹੈ, ਉਹ ਸਭ ਉਨ੍ਹਾਂ ਦੀ ਲਗਨ, ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੈ।


ਉਨ੍ਹਾਂ ਦੱਸਿਆ ਕਿ 2007-08 'ਚ ਹੋਈ 5ਵੀਂ ਦੀ ਪ੍ਰੀਖਿਆ 'ਚੋਂ ਇਸ ਸਕੂਲ ਦੀ ਵਿਦਿਆਰਥਣ ਸੰਤੋ ਬਾਈ ਨੇ 450 'ਚੋਂ 446 ਅੰਕ ਹਾਸਲ ਕਰਕੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। 2006-07 5ਵੀਂ ਦੀ ਪ੍ਰੀਖਿਆ 'ਚੋਂ ਭਾਨੋ ਬਾਈ ਨੇ ਬਲਾਕ 'ਚੋਂ ਪਹਿਲਾ ਸਥਾਨ ਅਤੇ 2008-09 'ਚ ਹੋਈ 5ਵੀਂ ਦੀ ਪ੍ਰੀਖਿਆ 'ਚ ਵਿਦਿਆਰਥੀ ਮੰਗਤ ਸਿੰਘ ਨੇ ਤਹਿਸੀਲ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ 2010-11 'ਚ ਪੰਜਾਬ ਪੱਧਰ 'ਤੇ ਹੋਏ ਪਹਾੜੇ ਮੁਕਾਬਲੇ 'ਚੋਂ ਇਸ ਸਕੂਲ ਨੇ ਓਵਰ ਆਲ 15 'ਚੋਂ 12 ਪੁਜੀਸ਼ਨਾਂ ਅਤੇ 2011-12 'ਚ ਓਵਰ ਆਲ 12 'ਚੋਂ 7 ਪੁਜੀਸ਼ਨਾਂ ਹਾਸਲ ਕੀਤੀਆਂ ਸਨ। ਇਸ ਦੌਰਾਨ ਵਿਦਿਆਰਥਣ ਸਿਮਰਜੀਤ ਕੌਰ ਨੇ 2 ਤੋਂ 1611 ਤੱਕ ਪਹਾੜੇ ਸੁਣਾ ਕੇ ਰਿਕਾਰਡ ਬਣਾਇਆ ਸੀ।

rajwinder kaur

This news is Content Editor rajwinder kaur