ਫੇਸਬੁੱਕ 'ਤੇ ਕੁੜੀ ਦੀ ਜਾਅਲੀ ID ਬਣਾ ਮਨਚਲੇ ਨੇ ਲਿਖੇ ਇਤਰਾਜਯੋਗ ਸ਼ਬਦ

12/16/2019 10:22:11 AM

ਫਾਜ਼ਿਲਕਾ ( ਸੁਨੀਲ ਨਾਗਪਾਲ) - ਔਰਤਾਂ ਦੇ ਪ੍ਰਤੀ ਮਾੜੀ ਮਾਨਸਿਕਤਾ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਤਾਜ਼ਾ ਹੈਰਾਨ ਕਰਨ ਵਾਲਾ ਮਾਮਲਾ ਜਲਾਲਾਬਾਦ ਦਾ ਸਾਹਮਣੇ ਆਇਆ ਹੈ, ਜਿਥੇ ਇਕ ਮਨਚਲੇ ਵਲੋਂ ਇਕ ਕੁੜੀ ਨੂੰ ਬਦਨਾਮ ਕਰਨ ਲਈ ਉਸ ਦੀ ਫੋਟੋ ਲਗਾ ਫੇਸਬੁੱਕ 'ਤੇ ਜਾਅਲੀ ਆਈ.ਡੀ. ਬਣਾਈ ਹੈ। ਕੁੜੀ ਦੀ ਬਣਾਈ ਗਈ ਜਾਅਲੀ ਆਈ.ਡੀ ’ਤੇ ਨੌਜਵਾਨ ਨੇ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ। ਇਹੀ ਨਹੀਂ ਮਨਚਲੇ ਨੇ ਆਈ.ਡੀ. ਦੇ ਨਾਲ ਕੁੜੀ ਦਾ ਫੋਨ ਨੰਬਰ ਵੀ ਅਪਲੋਡ ਕਰ ਦਿੱਤਾ। ਕੁੜੀ ਨੂੰ ਇਸ ਦੇ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਸ ਨੂੰ ਗਲਤ ਇਰਾਦਾ ਰੱਖਣ ਵਾਲਿਆਂ ਦੇ ਫੋਨ ਆਉਣੈ ਸ਼ੁਰੂ ਹੋ ਗਏ। 

ਨੌਜਵਾਨ ਦੇ ਇਸ ਕਾਰਨਾਮੇ ਦਾ ਪਤਾ ਲੱਗਣ ’ਤੇ ਕੁੜੀ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਪੁਲਸ ਨੇ ਆਈ.ਟੀ. ਸੈੱਲ ਦੀ ਸਹਾਇਤਾ ਨਾਲ ਫੇਸਬੁੱਕ ਤੋਂ ਉਕਤ ਨੌਜਵਾਨ ਦੀ ਫੇਸਬੁੱਕ ਦੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਮੁਲਜ਼ਮ ਤੱਕ ਜਾ ਪਹੁੰਚੀ। ਪੁਲਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁਲਜ਼ਮ ਜਲਾਲਾਬਾਦ 'ਚ ਇਕ ਕਾਸਮੈਟਿਕਸ/ਲਹਿੰਗਾ ਹਾਊਸ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜਿਥੇ ਜਿਆਦਾਤਰ ਮਹਿਲਾਵਾਂ ਹਮੇਸ਼ਾ ਆਪਣੀ ਖਰੀਦੋ-ਫਰੋਖਤ ਕਰਨ ਲਈ ਜਾਂਦੀਆਂ ਹਨ। ਉਕਤ ਮਹਿਲਾਵਾਂ ਆਮ ਤੌਰ 'ਤੇ ਦੁਕਾਨਦਾਰ ਨੂੰ ਆਪਣਾ ਨੰਬਰ ਨੋਟ ਕਰਵਾ ਦਿੰਦੀਆਂ ਹਨ ਤਾਂ ਜੋ ਫੈਸ਼ਨ 'ਚ ਕੋਈ ਨਵੀਂ ਚੀਜ ਆਵੇ ਤਾਂ ਉਨ੍ਹਾਂ ਕੋਲ ਉਸਦੀ ਜਾਣਕਾਰੀ ਪਹੁੰਚ ਸਕੇ। ਦੂਜੇ ਪਾਸੇ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਤਾਂ ਕਰ ਲਿਆ ਪਰ ਕਈ ਹੈਰਾਨੀਜਨਕ ਗੱਲਾਂ ਵੀ ਕਹੀਆਂ। 

ਪੁਲਸ ਮੁਤਾਬਕ ਮੁਲਜ਼ਮ ਖੁਦ ਨੂੰ ਬਚਾਉਣ ਲਈ ਹੁਣ ਇਹ ਸਭ ਕਹਿ ਰਿਹਾ ਹੈ। ਇਸ ਮਾਮਲੇ ਦੇ ਸਬੰਧ ’ਚ ਪੁਲਸ ਨੇ ਮੁਲਜ਼ਮ ਨੂੰ ਕਾਬੂ ਤਾਂ ਕਰ ਲਿਆ ਪਰ ਇਸ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਕਿ ਕੁੜੀਆਂ ਬਿਨ੍ਹਾਂ ਸੋਚੇ-ਸਮਝੇ ਆਪਣਾ ਫੋਨ ਨੰਬਰ ਜਾਂ ਆਪਣੀ ਨਿੱਜੀ ਜਾਣਕਾਰੀ ਕਿਸੇ ਵੀ ਦੁਕਾਨਦਾਰ ਨੂੰ ਦੇਣ।  

rajwinder kaur

This news is Content Editor rajwinder kaur