ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੀ ਹੁਸੈਨੀਵਾਲਾ ਚੈਕ ਪੋਸਟ ਨੇੜੇ ਦੇਖੇ ਗਏ ਡਰੋਨ (ਵੀਡੀਓ)

10/08/2019 10:26:26 AM

ਫਿਰੋਜ਼ਪੁਰ (ਕੁਮਾਰ) - ਪਾਕਿਸਤਾਨ ਵਲੋਂ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਡਰੋਨ ਨਾਲ ਖੁਫਿਆਂ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਰ੍ਹਾਂ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਦੇ ਇਲਾਕੇ 'ਚ ਬੀ.ਐੱਸ.ਐੱਫ ਦੇ ਤਾਇਨਾਤ ਜਵਾਨਾਂ ਵਲੋਂ ਬੀਤੀ ਰਾਤ 10.40 ਕੁ ਵਜੇ ਦੇ ਕਰੀਬ ਪਾਕਿਸਤਾਨ ਵਲੋਂ ਆਸਮਾਨ 'ਚ ਉਡਦਾ ਹੋਇਆ ਡਰੋਨ ਦੇਖਿਆ। ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਚਾਰ ਵਾਰ ਇਹ ਡਰੋਨ ਪਾਕਿ 'ਚ ਉੱਡਦਾ ਦੇਖਿਆ ਅਤੇ ਇਕ ਵਾਰ ਇਹ ਡਰੋਨ ਭਾਰਤੀ ਸਰਹੱਦ 'ਚ ਬੀ. ਓ. ਪੀ. ਐੱਚ. ਕੇ. ਟਾਵਰ ਦੇ ਇਲਾਕੇ 'ਚ ਦਾਖਲ ਹੁੰਦਾ ਵੇਖਿਆ ਗਿਆ, ਜੋ ਹੁਸੈਨੀਵਾਲਾ ਨਾਲ ਲੱਗਦਾ ਹੈ। ਫਿਰ ਦੁਬਾਰਾ ਅੱਧੀ ਰਾਤ ਨੂੰ ਲਗਭਗ 12.25 ਕੁ ਵਜੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ਦੀ ਬੀ. ਓ. ਪੀ. ਬਸਤੀ ਰਾਮ ਦੇ ਇਲਾਕੇ 'ਚ ਪਾਕਿ ਏਰੀਆ 'ਚ ਇਕ ਹੋਰ ਡਰੋਨ ਉੱਡਦਾ ਦੇਖਿਆ। ਦੱਸ ਦੇਈਏ ਕਿ ਇਹ ਦੋਵੇਂ ਡਰੋਨ ਬੀ. ਐੱਸ. ਐੱਫ਼. ਦੇ ਰਾਡਾਰ 'ਤੇ ਵੀ ਵਿਖਾਈ ਦਿੱਤੇ।

ਸੂਤਰਾਂ ਅਨੁਸਾਰ ਇਕ ਵਾਰ ਹੋਰ ਆਸਮਾਨ 'ਚ ਡਰੋਨ ਵਰਗੀ ਚੀਜ਼ ਭਾਰਤ ਤੋਂ ਪਾਕਿਸਤਾਨ ਵੱਲ ਜਾਂਦੀ ਦੇਖੀ ਗਈ, ਜਿਸ ਦੀ ਲਾਈਟ ਅਤੇ ਆਵਾਜ਼ ਕੁਝ ਸਮੇਂ ਬਾਅਦ ਬੰਦ ਹੋ ਗਈ। ਸੂਚਨਾ ਅਨੁਸਾਰ ਬਾਰਡਰ 'ਤੇ ਤਾਇਨਾਤ ਜਵਾਨਾਂ ਨੇ ਇਸ ਦੀ ਜਾਣਕਾਰੀ ਤੁਰੰਤ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਅਤੇ ਸਥਾਨਕ ਪੁਲਸ ਨੂੰ ਦੇ ਦਿੱਤੀ। ਬੀਤੀ ਰਾਤ ਸਰਹੱਦ 'ਤੇ ਡਰੋਨ ਦੇਖੇ ਜਾਣ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੁਲਸ ਪ੍ਰਸ਼ਾਸਨ ਨੇ ਚੱਪੇ-ਚੁੱਪੇ 'ਤੇ ਚੌਕਸੀ ਵਧਾ ਦਿੱਤੀ ਹੈ। ਜਵਾਨਾਂ ਵਲੋਂ ਸਰਹੱਦ 'ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਦੂਸਰੇ ਪਾਸੇ ਸੰਪਰਕ ਕਰਨ 'ਤੇ ਐੱਸ. ਪੀ. ਹੈੱਡ ਕੁਆਰਟਰ ਫਿਰੋਜ਼ਪੁਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਅਤੇ ਫਿਰੋਜ਼ਪੁਰ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਉਂਦਿਆਂ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਉਹ ਦੋਵੇਂ ਡਰੋਨਜ਼ ਭਾਰਤੀ ਸਰਹੱਦ ਅੰਦਰ ਕੋਈ ਹਥਿਆਰ ਜਾਂ ਨਸ਼ੀਲੇ ਪਦਾਰਥ ਤਾਂ ਨਹੀਂ ਸੁੱਟੇ ਗਏ ਸਨ। ਦੱਸ ਦੇਈਏ ਕਿ ਇਸ ਸਬੰਧੀ ਸਰਕਾਰੀ ਤੌਰ 'ਤੇ ਪੁਸ਼ਟੀ ਕਰਨ ਲਈ ਬੀ.ਐੱਸ.ਐੱਫ ਦੇ ਅਧਿਕਾਰੀਆਂ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਾ ਹੋਣ ਕਾਰਨ ਦੀ ਸਰਕਾਰੀ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋ ਸਕੀ। ਫਿਲਹਾਲ ਪੁਲਸ ਵਲੋਂ ਖੂਫੀਆ ਏਜੰਸੀ ਦੀ ਮਦਦ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

rajwinder kaur

This news is Content Editor rajwinder kaur