ਪਿਓ ਬਣਿਆ ਹੈਵਾਨ: 6 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਨਹੀਂ ਕਰਦਾ ਸੀ ਪਸੰਦ, ਚੁੱਕਿਆ ਖ਼ੌਫਨਾਕ ਕਦਮ

10/25/2022 11:44:54 PM

ਜਲੰਧਰ (ਮਹੇਸ਼) : ਪਿੰਡ ਫੋਲੜੀਵਾਲ 'ਚ ਇਕ ਪਿਤਾ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਆਪਣੀ ਹੀ 6 ਮਹੀਨੇ ਦੀ ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਲੰਧਰ ਛਾਉਣੀ ਦੇ ਏ.ਸੀ.ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਵਰਸ਼ਾ ਉਰਫ਼ ਲਾਡੋ ਪੁੱਤਰੀ ਅਰਜੁਨ ਵਾਸੀ ਜ਼ਿਲ੍ਹਾ ਪੂਰਨੀਆ (ਬਿਹਾਰ) ਹਾਲ ਵਾਸੀ ਪਿੰਡ ਬੋਹੜਾ ਥਾਣਾ ਕੂੰਮਕਲਾਂ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਜੈਬ ਸਿੰਘ ਔਜਲਾ ਦੀ ਅਗਵਾਈ ਹੇਠ ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਵਿਕਟਰ ਮਸੀਹ ਤੇ ਏ.ਐੱਸ.ਆਈ. ਸੰਜੇ ਕੁਮਾਰ ਨੇ ਵਰਸ਼ਾ ਦੇ ਪਿਤਾ ਮੁਲਜ਼ਮ ਅਰਜੁਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਕੈਨੇਡਾ : ਨਵਜੀਤ ਕੌਰ ਬਰਾੜ ਬਣੀ ਬਰੈਂਪਟਨ ਸਿਟੀ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ

ਏ.ਸੀ.ਪੀ. ਕੈਂਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ. ਮਨਪ੍ਰੀਤ ਕੌਰ ਨੂੰ ਵਰਸ਼ਾ ਦੀ ਮਾਂ ਬਿਜਲੀ ਪੁੱਤਰੀ ਰਾਜੂ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ ਅਰਜੁਨ ਆਪਣੀ 6 ਮਹੀਨਿਆਂ ਦੀ ਧੀ ਵਰਸ਼ਾ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਅਕਸਰ ਕਹਿੰਦਾ ਰਹਿੰਦਾ ਸੀ ਕਿ ਉਸ ਨੂੰ ਲੜਕਾ ਚਾਹੀਦਾ ਹੈ, ਲੜਕੀ ਨਹੀਂ। ਉਹ 24 ਅਕਤੂਬਰ ਦੀ ਰਾਤ ਨੂੰ ਕਰੀਬ 10.30 ਵਜੇ ਪਿੰਡ ਫੋਲੜੀਵਾਲ 'ਚ ਪਾਣੀ ਵਾਲੀ ਟੈਂਕੀ ਕੋਲ ਬਣੇ ਖੂਹ ’ਤੇ ਲੈ ਗਿਆ ਅਤੇ ਉਥੇ ਉਸ ਦਾ ਕਤਲ ਕਰ ਦਿੱਤਾ। ਔਰਤ ਬਿਜਲੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਬੱਚੀ ਨੂੰ ਹਸਪਤਾਲ ਲੈ ਕੇ ਗਈ ਤਾਂ ਜਾਂਚ ਕਰਨ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਪਰਾਲੀ ਨੂੰ ਲਾਈ ਅੱਗ ਨੇ ਸਾੜ ਕੇ ਸੁਆਹ ਕੀਤੀ 9 ਕਨਾਲ ਝੋਨੇ ਦੀ ਫ਼ਸਲ

ਏ.ਸੀ.ਪੀ. ਨੇ ਦੱਸਿਆ ਕਿ ਵਰਸ਼ਾ ਦੀ ਮਾਂ ਬਿਜਲੀ ਦੇ ਬਿਆਨਾਂ 'ਤੇ ਥਾਣਾ ਸਦਰ 'ਚ ਮੁਲਜ਼ਮ ਅਰਜੁਨ ਦੇ ਖਿਲਾਫ਼ ਆਈ.ਪੀ.ਸੀ. ਦੀ ਧਾਰਾ 302 ਅਧੀਨ 175 ਨੰਬਰ ਐੱਫ.ਆਈ.ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਬੁੱਧਵਾਰ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh