ਨਵੀਂ ਨੂੰਹ ਤੋਂ ਦੁਖੀ ਸਹੁਰੇ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ 'ਚ ਬਿਆਨ ਕੀਤਾ ਦਿਲੀ ਦਰਦ

08/06/2020 5:13:40 PM

ਨਾਭਾ (ਖੁਰਾਣਾ) : ਨਵ-ਵਿਆਹੁਤਾ ਕੁੜੀਆਂ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਹੁਣ ਦਿਨੋਂ-ਦਿਨ ਮੁੰਡੇ ਦੇ ਪਰਿਵਾਰ ਵੱਲੋਂ ਖ਼ੁਕਦੁਸ਼ੀ ਕਰਨ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਦੀ ਤਾਜਾ ਮਿਸਾਲ ਨਾਭਾ ਦੀ ਵਿਕਾਸ ਕਾਲੋਨੀ ਵਿਖੇ ਦੇਖਣ ਨੂੰ ਮਿਲੀ, ਜਿੱਥੇ ਨਵੀਂ ਨੂੰਹ ਤੋਂ ਦੁਖੀ ਹੋ ਕੇ ਸਹੁਰੇ ਨੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਪੰਜਾਬ 'ਚ 'ਨਕਸ਼ਿਆਂ' ਦੀ ਮਨਜ਼ੂਰੀ ਲੈਣੀ ਹੋਈ ਸੌਖੀ, ਸਰਕਾਰ ਵੱਲੋਂ ਨਿਰਦੇਸ਼ ਜਾਰੀ

ਜਾਣਕਾਰੀ ਮੁਤਾਬਕ 5 ਮਹੀਨੇ ਪਹਿਲਾਂ ਵਿਸ਼ਾਲ ਢੱਲ ਦਾ ਵਿਆਹ ਵਿਸ਼ਾਲੀ ਨਾਲ ਹੋਇਆ ਸੀ ਪਰ ਵਿਸ਼ਾਲੀ ਅਤੇ ਉਸ ਦੇ ਪਰਿਵਾਰ ਵੱਲੋਂ ਛੋਟੀ-ਛੋਟੀ ਗੱਲ ਨੂੰ ਲੈ ਕੇ ਵਿਸ਼ਾਲ ਦੇ ਪਰਿਵਾਰ 'ਤੇ ਦਾਜ-ਦਹੇਜ ਦਾ ਝੂਠਾ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਬੀਤੀ ਰਾਤ ਵਿਸ਼ਾਲ ਢੱਲ ਦੇ ਪਿਤਾ ਜਨਕ ਰਾਜ ਨੇ ਇਨ੍ਹਾਂ ਧਮਕੀਆਂ ਤੋਂ ਡਰਦੇ ਹੋਏ ਘਰ 'ਚ ਹੀ ਪੱਖੇ ਨਾਲ ਫੰਦਾ ਲਾ ਕੇ ਖ਼ੁਦਕੁਸ਼ੀ ਕਰ ਲਈ। ਜਨਕ ਰਾਜ ਨੇ ਮਰਨ ਤੋਂ ਪਹਿਲਾਂ ਸਾਢੇ ਛੇ ਪੇਜਾ ਦਾ ਖ਼ੁਦਕੁਸ਼ੀ ਨੋਟ ਵੀ ਲਿਖਿਆ, ਜਿਸ 'ਚ ਉਸ ਨੇ ਆਪਣਾ ਦਿਲੀ ਦਰਦ ਬਿਆਨ ਕੀਤਾ। 

ਇਹ ਵੀ ਪੜ੍ਹੋ : ਅਕਾਲੀ-ਭਾਜਪਾ ਨੇਤਾ ਸ਼ਰਾਬ ਮਾਫ਼ੀਆ ਨਾਲ ਸ਼ਾਮਲ : ਬਰਿੰਦਰ ਢਿੱਲੋਂ
ਜਨਕ ਰਾਜ ਨੇ ਖ਼ੁਦਕੁਸ਼ੀ ਨੋਟ 'ਚ ਲਿਖਿਆ ਕਿ ਮੇਰੀ ਨੂੰਹ ਸਾਡੇ 'ਤੇ ਝੂਠੇ ਇਲਜ਼ਾਮ ਲਗਾ ਕੇ ਆਪਣੇ ਪਰਿਵਾਰ ਨੂੰ ਇੱਥੇ ਬੁਲਾ ਲੈਂਦੀ ਸੀ ਅਤੇ ਉਹ ਸਾਨੂੰ ਧਮਕੀਆਂ ਦਿੰਦੇ ਸਨ ਕਿ ਤੁਹਾਨੂੰ ਜੇਲ੍ਹ 'ਚ ਫਸਾ ਦੇਵਾਂਗੇ। ਅਸੀਂ ਕਦੇ ਅਜਿਹੇ ਕੰਮਾਂ 'ਚ ਨਹੀਂ ਪਾਏ, ਜਿਸ ਕਰਕੇ ਸਾਡਾ ਸਾਰਾ ਪਰਿਵਾਰ ਹੱਥ ਜੋੜ ਕੇ ਵਿਸ਼ਾਲੀ ਤੋਂ ਮੁਆਫ਼ੀ ਵੀ ਮੰਗਦਾ ਸੀ ਪਰ ਇਸ ਦੇ ਬਾਵਜੂਦ ਵੀ ਕਈ ਵਾਰ ਉਹ ਘਰੋਂ ਵੀ ਭੱਜੀ ਅਤੇ ਅਸੀਂ ਉਸ ਨੂੰ ਫਿਰ ਹੱਥ ਜੋੜ ਕੇ ਮਨਾ ਕੇ ਘਰ ਲਿਆਉਂਦੇ ਰਹੇ ਪਰ ਇੱਕ ਦਿਨ ਉਦੋਂ ਹੱਦ ਹੋ ਗਈ, ਜਦੋਂ ਵਿਚੋਲਣ ਗਾਲ੍ਹਾਂ ਕੱਢਦੇ ਹੋਏ ਵਿਸ਼ਾਲੀ ਨੂੰ ਪੇਕੇ ਘਰ ਲੈ ਗਈ।

ਇਹ ਵੀ ਪੜ੍ਹੋ : ਬਿੱਟੂ ਦੀ ਚਿਤਾਵਨੀ ਤੋਂ ਬਾਅਦ ਲੁਧਿਆਣਾ ਦੇ DC ਦੀ ਨਿੱਜੀ ਹਸਪਤਾਲਾਂ ਨੂੰ ਅਪੀਲ

ਜਦੋਂ ਅਸੀਂ ਨਾਭਾ ਡੀ. ਐੱਸ. ਪੀ. ਦਫ਼ਤਰ 'ਚ ਦਰਖ਼ਾਸਤ ਦਿੱਤੀ ਤਾਂ ਪੁਲਸ ਨੇ ਵਿਸ਼ਾਲੀ ਦੇ ਪਰਿਵਾਰ ਨੂੰ ਨਾਭਾ ਦੇ ਡੀ. ਐੱਸ. ਪੀ. ਦਫ਼ਤਰ ਵਿਖੇ 6 ਤਾਰੀਖ਼ ਨੂੰ ਆਉਣ ਲਈ ਕਿਹਾ ਪਰ ਵਿਸ਼ਾਲੀ ਦੇ ਪਰਿਵਾਰ ਨੇ ਮਿਲ ਕੇ ਵੂਮੈਨ ਸੈੱਲ ਅੰਬਾਲਾ ਵਿਖੇ ਸਾਡੇ ਖਿਲਾਫ਼ ਦਰਖ਼ਾਸਤ ਦੇ ਦਿੱਤੀ ਅਤੇ ਉਨ੍ਹਾਂ ਨੇ 6 ਤਾਰੀਖ਼ ਨੂੰ ਸਾਨੂੰ ਸਾਰੇ ਪਰਿਵਾਰ ਸਮੇਤ ਅੰਬਾਲਾ ਵਿਖੇ ਹਾਜ਼ਰ ਹੋਣ ਲਈ ਕਿਹਾ, ਜਿਸ ਤੋਂ ਮੈਂ ਬਹੁਤ ਘਬਰਾ ਗਿਆ ਅਤੇ ਗੱਲ ਉਹੀ ਹੋਈ, ਜੋ ਕਿ ਵਿਸ਼ਾਲੀ ਦਾ ਪਰਿਵਾਰ ਅਤੇ ਉਸ ਦਾ ਤਾਇਆ ਸਾਨੂੰ ਧਮਕੀ ਦਿੰਦਾ ਸੀ ਕਿ ਸਾਡੀ ਪਹੁੰਚ ਬਹੁਤ ਦੂਰ ਤੱਕ ਹੈ, ਤੁਹਾਨੂੰ ਅਸੀਂ ਜੇਲ੍ਹ ਅੰਦਰ ਕਰਵਾ ਦੇਵਾਂਗੇ, ਜਿਸ ਡਰ ਦੇ ਚੱਲਦਿਆਂ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ, ਜਿਸ ਦੇ ਜ਼ਿੰਮੇਵਾਰ ਵਿਸ਼ਾਲੀ, ਉਸ ਦੇ ਮਾਤਾ ਪਿਤਾ ਅਤੇ ਵਿਸ਼ਾਲੀ ਦਾ ਤਾਇਆ ਹੈ।

ਮ੍ਰਿਤਕ ਜਨਕ ਰਾਜ ਨੇ ਅਖ਼ੀਰ 'ਚ ਲਿਖਿਆ ਹੈ ਜੇਕਰ ਕੁੜੀਆਂ ਨੂੰ ਸਹੁਰਾ ਪਰਿਵਾਰ ਤੰਗ ਕਰਦਾ ਹੈ ਤਾਂ ਕੁੜੀਆਂ ਦੀ ਹਿਫਾਜ਼ਤ ਵਾਸਤੇ ਬਹੁਤ ਕਾਨੂੰਨ ਹਨ, ਜੋ ਹੋਣੇ ਵੀ ਚਾਹੀਦੇ ਹਨ ਪਰ ਜਿਹੜੀਆਂ ਕੁੜੀਆਂ (ਬਹੁਤ ਘੱਟ ਗਿਣਤੀ 'ਚ) ਸਹੁਰੇ ਪਰਿਵਾਰ ਨੂੰ ਇਸੇ ਕਾਨੂੰਨ ਦੀ ਆੜ ਲੈ ਕੇ ਬਰਬਾਦ ਕਰ ਰਹੀਆਂ ਹਨ, ਉਨ੍ਹਾਂ ਦੇ ਖਿਲਾਫ਼ ਕਦੋਂ ਕਾਨੂੰਨ ਬਣੇਗਾ ਅਤੇ ਕਦੋਂ ਅਜਿਹੇ ਬਰਬਾਦ ਪਰਿਵਾਰਾਂ ਨੂੰ ਇਨਸਾਫ਼ ਮਿਲੇਗਾ। ਫਿਲਹਾਲ ਮ੍ਰਿਤਕ ਜਨਕ ਰਾਜ ਦੇ ਬੇਟੇ ਵਿਸ਼ਾਲ ਢੱਲ ਦੇ ਬਿਆਨਾ ਦੇ ਆਧਾਰ 'ਤੇ ਪੁਲਸ ਵੱਲੋਂ ਧਾਰਾ-306 ਦੇ ਤਹਿਤ 4 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 

Babita

This news is Content Editor Babita