ਇਕ ਸਾਲ ਤੋਂ ਪੁੱਤਰ ਦੇ ਕਾਤਲ ਦਾ ਸੁਰਾਗ ਲਗਾ ਰਿਹੈ ਪਿਤਾ, ਪੁਲਸ ਨੇ ਮੌਤ ਨੂੰ ਹਾਦਸਾ ਦੱਸਿਆ

02/15/2018 6:40:29 AM

ਜਲੰਧਰ, (ਮਿਰਦੁਲ)— ਬਸ਼ੀਰਪੁਰਾ ਦੇ ਅਧੀਨ ਪੈਂਦੇ ਕਮਲ ਵਿਹਾਰ ਵਿਚ ਰਹਿੰਦੇ ਜਗਦੀਸ਼ ਚੰਦਰ ਆਪਣੇ ਪੁੱਤਰ ਰਜਨੀਸ਼ ਡੋਗਰਾ ਦੀ ਮੌਤ ਨੂੰ ਲੈ ਕੇ ਪੁਲਸ ਤੋਂ ਇਨਸਾਫ ਮੰਗ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਦਾ ਜਵਾਬ ਹੈ ਕਿ ਉਸਦੇ ਪੁੱਤਰ  ਦੀ ਮੌਤ ਰਿਕਸ਼ੇ ਨਾਲ ਟਕਰਾ ਕੇ ਹੋਈ ਹੈ। 
ਪੁਲਸ ਦੀ ਕਹਾਣੀ ਝੂਠੀ ਉਦੋਂ ਨਿਕਲੀ, ਜਦੋਂ 'ਜਗ ਬਾਣੀ' ਦੇ ਹੱਥ ਉਸਦੀ ਪੋਸਟਮਾਰਟਮ ਰਿਪੋਰਟ ਆਈ। ਪੋਸਟਮਾਰਟਮ ਰਿਪੋਰਟ ਵਿਚ ਪਤਾ ਲੱਗਾ ਕਿ ਉਸਦੇ ਸਰੀਰ 'ਤੇ 21 ਗੰਭੀਰ ਜ਼ਖ਼ਮ ਮਿਲੇ ਹਨ, ਜੋ ਰਜਨੀਸ਼ ਦੇ ਕਤਲ ਹੋਣ ਦਾ ਸ਼ੱਕ ਜ਼ਾਹਿਰ ਕਰ ਰਹੇ ਹਨ ਪਰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ।
ਉਨ੍ਹਾਂ ਸ਼ਿਕਾਇਤ ਡੀ. ਜੀ. ਪੀ., ਪੁਲਸ ਕਮਿਸ਼ਨਰ ਅਤੇ ਡੀ. ਸੀ. ਪੀ. ਰਾਜਿੰਦਰ ਸਿੰਘ ਨੂੰ ਪਹਿਲਾਂ ਵੀ ਦਿੱਤੀ ਸੀ ਪਰ ਸਾਰੀਆਂ ਸ਼ਿਕਾਇਤਾਂ ਉਨ੍ਹਾਂ ਦੀਆਂ ਦੱਬੀਆਂ ਹੀ ਰਹਿ ਗਈਆਂ। ਜਗਦੀਸ਼ ਚੰਦਰ ਨੇ 'ਜਗ ਬਾਣੀ' ਨਾਲ ਗੱਲ ਕਰਦੇ ਹੋਏ ਦੱਸਿਆ ਕਿ 20 ਜੂਨ 2017 ਨੂੰ ਰਾਤ 12 ਵਜੇ ਉਸਦੇ ਕਿਰਾਏਦਾਰ ਦਾ ਫੋਨ ਆਇਆ ਕਿ ਉਸਦੇ ਪੁੱਤਰ ਰਜਨੀਸ਼ (21) ਦਾ ਰੇਲਵੇ ਅਕਾਊਂਟ ਆਫਿਸ ਕੋਲ ਹਾਦਸਾ ਹੋਇਆ ਹੈ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਹੈ। ਇਹ ਇਲਾਕਾ ਨਿਊ ਬਾਰਾਂਦਰੀ ਵਿਚ ਪੈਂਦਾ ਸੀ। ਤੁਸੀਂ ਜਲਦੀ ਜਲੰਧਰ ਆ ਜਾਓ।
ਮੈਂ ਉਸ ਸਮੇਂ ਹਿਮਾਚਲ ਦੇ ਕਾਂਗੜਾ ਸ਼ਹਿਰ ਵਿਚ ਸੀ ਅਤੇ ਮੇਰੀ ਪਤਨੀ ਸੰਤੋਸ਼ ਕੁਮਾਰੀ ਵੀ ਨਾਲ ਸੀ। ਫੋਨ ਆਉਣ 'ਤੇ ਉਹ ਜਲੰਧਰ ਲਈ ਰਵਾਨਾ ਹੋ ਗਏੇ। ਉਨ੍ਹਾਂ ਦੀ ਜਲੰਧਰ ਵਿਚ ਫੋਟੋਸਟੇਟ ਦੀ ਦੁਕਾਨ ਹੈ, ਜਿਸ ਨੂੰ ਉਨ੍ਹਾਂ ਦੇ ਪਿੱਛਿਓਂ ਉਨ੍ਹਾਂ ਦਾ ਪੁੱਤਰ ਹੀ ਸੰਭਾਲਦਾ ਸੀ। ਘਟਨਾ ਤੋਂ ਬਾਅਦ ਉਨ੍ਹਾਂ ਦਾ ਕਿਰਾਏਦਾਰ ਪਹਿਲਾਂ ਹੀ ਪਹੁੰਚ ਗਿਆ ਸੀ, ਜੋ ਉਸਨੂੰ ਪ੍ਰਾਈਵੇਟ ਹਸਪਤਾਲ ਲੈ ਕੇ ਗਿਆ ਸੀ। ਡਾਕਟਰਾਂ ਦੇ ਜਵਾਬ ਦੇਣ 'ਤੇ ਉਸਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲੈ ਗਏ। ਜਿੱਥੋਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।  21 ਜੂਨ ਨੂੰ ਰਜਨੀਸ਼ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। 
ਚਸ਼ਮਦੀਦ ਨੇ ਮੌਕਾ-ਏ-ਵਾਰਦਾਤ 'ਤੇ ਦੇਖੇ ਸਨ 5 ਨੌਜਵਾਨ
ਮੌਕਾ-ਏ-ਵਾਰਦਾਤ 'ਤੇ ਮੌਜੂਦ ਕਿਰਾਏਦਾਰ ਰਾਕੇਸ਼ ਕੁਮਾਰ ਨੇ ਕਰੀਬ 5 ਨੌਜਵਾਨ ਘਟਨਾ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਦੇਖੇ ਸਨ ਮਗਰੋਂ ਬਚਾਅ ਕਰਨ ਦੀ ਜਗ੍ਹਾ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਸ ਨੇ ਗੱਲਾਂ ਵਿਚ ਫਸਾ ਕੇ ਧਾਰਾ-174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਪੁਲਸ ਨੇ ਸ਼ਿਕਾਇਤ ਠੰਡੇ ਬਸਤੇ ਵਿਚ ਪਾ ਦਿੱਤੀ ਅਤੇ ਕਾਰਵਾਈ ਦੇ ਨਾਂ 'ਤੇ ਸਿਰਫ ਖਾਨਾਪੂਰਤੀ ਕਰ ਰਹੀ ਹੈ, ਜਿਸ ਰਿਕਸ਼ਾ ਵਾਲੇ ਨਾਲ ਪੁਲਸ ਨੇ ਟੱਕਰ ਹੋਣ ਦਾ ਦਾਅਵਾ ਕੀਤਾ, ਉਹ ਖੁਦ ਫਰਾਰ ਹੈ, ਜਿਸਦੇ ਪੁਲਸ ਨੇ ਬਿਆਨ ਤਕ ਦਰਜ ਨਹੀਂ ਕੀਤੇ ਅਤੇ ਹੁਣ ਪੁਲਸ ਨੂੰ ਹੀ ਪਤਾ ਨਹੀਂ ਕਿ ਉਹ ਰਿਕਸ਼ਾ ਚਾਲਕ ਕਿੱਥੇ ਹੈ।
ਰਜਨੀਸ਼ ਨਾਲ ਹੋਈ ਸੀ ਕੁੱਟਮਾਰ
7 ਮਈ 2017 ਨੂੰ ਕਮਲ ਵਿਹਾਰ ਦੇ 2 ਨੌਜਵਾਨਾਂ ਨੇ ਰੰਜਿਸ਼ ਦੇ ਤਹਿਤ ਰਜਨੀਸ਼ ਨੂੰ ਕੁੱਟਿਆ ਸੀ ਅਤੇ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਨਾਲ ਉਹ ਖੌਫਜ਼ਦਾ ਰਹਿਣ ਲੱਗਾ ਸੀ। ਜਾਂਚ ਵਿਚ ਸਾਹਮਣੇ ਆਏ 2 ਨੌਜਵਾਨਾਂ 'ਤੇ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ। 
ਐੱਸ. ਐੱਚ. ਓ. ਨੇ ਕਿਹਾ ; ਸ਼ਰਾਬ ਪੀਤੀ ਸੀ, ਪੋਸਟਮਾਰਟਮ ਰਿਪੋਰਟ 'ਚ ਨਿਕਲਿਆ ਜੂਸ
ਜਦੋਂ ਰਜਨੀਸ਼ ਦਾ ਕਤਲ ਹੋਇਆ ਸੀ ਤਾਂ ਉਸਨੂੰ ਖੇਤਰ ਦੇ ਐੱਸ. ਐੱਚ. ਓ. ਪ੍ਰੇਮ ਕੁਮਾਰ ਨੇ ਪੀੜਤ ਜਗਦੀਸ਼ ਨੂੰ ਕਿਹਾ ਸੀ ਕਿ ਤੁਹਾਡੇ ਬੇਟੇ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਹਾਦਸਾ ਹੋਇਆ ਪਰ ਪੋਸਟਮਾਰਟਮ ਰਿਪੋਰਟ ਵਿਚ ਆਇਆ ਕਿ ਉਸਦੇ ਬੇਟੇ ਦੇ ਪੇਟ ਵਿਚ 150 ਮਿਲੀ ਗ੍ਰਾਮ ਜੂਸ ਸੀ ਨਾ ਕਿ ਸ਼ਰਾਬ। ਕਈ ਪੁਲਸ ਅਫਸਰ ਇਸ ਗੱਲ ਦੇ ਪਿੱਛੇ ਵੀ ਸੱਚਾਈ ਜਾਣਦੇ ਹਨ ਅਤੇ ਰਜਨੀਸ਼ ਦੇ ਕਤਲ ਦੀ ਗੱਲ ਵੀ ਮੰਨਦੇ ਹਨ ਪਰ ਕੇਸ ਦੀ ਜਾਂਚ ਕਰ ਰਹੇ ਅਫਸਰ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਮਨ੍ਹਾ ਕਰ ਰਹੇ ਹਨ।
ਸੀ.  ਪੀ. ਨੂੰ ਸ਼ਿਕਾਇਤ ਦੇ ਦੋ ਮਹੀਨੇ ਤੱਕ ਨਹੀਂ ਮਿਲਿਆ ਡਾਇਰੀ ਨੰਬਰ
ਪੁਲਸ ਦੀ ਕਾਰਗੁਜ਼ਾਰੀ ਇੰਨੀ ਢਿੱਲੀ ਹੈ ਕਿ ਸੀ. ਪੀ. ਨੂੰ ਸ਼ਿਕਾਇਤ ਦੇਣ ਦੋ ਮਹੀਨੇ ਪਹਿਲਾਂ ਪਹੁੰਚੇ ਸਨ ਪਰ ਹੁਣ ਤੱਕ ਡਾਇਰੀ ਨੰਬਰ ਨਹੀਂ ਮਿਲਿਆ ਹੈ।  ਪੁਲਸ ਦੀ ਕਾਰਜ ਪ੍ਰਣਾਲੀ ਇੰਨੀ ਢਿੱਲੀ ਹੈ ਕਿ ਸੀ. ਪੀ. ਨੂੰ ਸ਼ਿਕਾਇਤਾਂ ਬਾਰੇ ਪੁੱਛਿਆ ਜਾਂਦਾ ਹੈ। ਜ਼ਿੰਮੇਦਾਰ ਅਧਿਕਾਰੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ।