ਲੁਧਿਆਣਾ ''ਚ ਵੱਡੀ ਵਾਰਦਾਤ, ਪਿਓ ਨੇ ਧੀ ਤੇ ਪ੍ਰੇਮੀ ਨੂੰ ਕੀਤਾ ਕਤਲ (ਵੀਡੀਓ)

02/20/2018 6:58:44 PM

ਲੁਧਿਆਣਾ (ਜਗਰੂਪ, ਨਰਿੰਦਰ ਮਹਿੰਦਰੂ) : ਲੁਧਿਆਣਾ ਦੇ ਥਾਣਾ ਕੂਮ ਕਲਾਂ ਦੇ ਅਧੀਨ ਪੈਂਦੇ ਪਿੰਡ ਦੋਆਬਾ ਭੈਣੀ ਵਿਚ ਇਕ ਪਿਤਾ ਨੇ ਅਣਖ ਖਾਤਰ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਬਲਵਿੰਦਰ ਕੌਰ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਪ੍ਰੇਮੀ ਕੁਲਦੀਪ ਕੁਮਾਰ ਛਾਬੜਾ ਨਾਲ ਪੇਕੇ ਘਰ ਦੋਆਬਾ ਭੈਣੀ ਆਈ ਹੋਈ ਸੀ। ਸੋਮਵਾਰ ਰਾਤ ਜਦੋਂ ਬਲਵਿੰਦਰ ਕੌਰ ਅਤੇ ਕੁਲਦੀਪ ਕੁਮਾਰ ਗੂੜ੍ਹੀ ਨੀਂਦ ਵਿਚ ਸੁੱਤੇ ਪਏ ਸਨ ਤਾਂ ਪਿਤਾ ਗੁਰਮੇਲ ਸਿੰਘ ਪਹਿਲਾਂ ਦੋਵਾਂ ਨੂੰ ਕੁਹਾੜੀ ਨਾਲ ਵੱਢ ਕੇ ਅੱਧ ਮਰਿਆ ਕਰ ਦਿੱਤਾ ਅਤੇ ਫਿਰ ਰਿਹੜੀ 'ਤੇ ਪਾ ਕੇ ਦੋਵਾਂ ਨੂੰ ਪਿੰਡ ਤੋਂ ਬਾਹਰ ਆ ਗਿਆ। ਉਥੇ ਲਿਜਾ ਕੇ ਗੁਰਮੇਲ ਸਿੰਘ ਨੇ ਦੋਵਾਂ ਬੇਰਹਿਮੀ ਨਾਲ ਤਲਵਾਰ ਨਾਲ ਵੱਢ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਅਤੇ ਕੁਲਦੀਪ ਕੁਮਾਰ ਇਕ ਹੀ ਫੈਕਟਰੀ ਵਿਚ ਕੰਮ ਕਰਦੇ ਸਨ। ਇਸ ਦੌਰਾਨ ਦੋਵਾਂ ਵਿਚਾਲੇ ਪ੍ਰੇਮ ਸੰਬੰਧ ਬਣ ਗਏ ਅਤੇ ਦੋਵੇਂ ਲਿਵ ਇਨ ਰਿਲੇਸ਼ਨ ਵਿਚ ਇਕੱਠੇ ਰਹਿਣ ਲੱਗ ਗਏ। ਇਸੇ ਗੱਲ ਤੋਂ ਬਲਵਿੰਦਰ ਦਾ ਪਿਤਾ ਗੁਰਮੇਲ ਸਿੰਘ ਖਫਾ ਸੀ। ਇਸ ਦੌਰਾਨ ਜਦੋਂ ਬਲਵਿੰਦਰ ਕੌਰ ਆਪਣੇ ਪ੍ਰੇਮੀ ਨਾਲ ਪੇਕੇ ਘਰ ਆਈ ਤਾਂ ਗੁਰਮੇਲ ਸਿੰਘ ਨੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਦੇ ਪਿਤਾ ਗੁਰਮੇਲ ਸਿੰਘ ਨੇ ਖੁਦ ਹੀ ਪੁਲਸ ਸਾਹਮਣੇ ਪੇਸ਼ ਹੋ ਕੇ ਆਤਮਸਮਰਪਣ ਕਰ ਦਿੱਤਾ। ਪੁਲਸ ਮੁਤਾਬਕ ਦੋਵੇਂ ਲੜਕੇ-ਲੜਕੀ ਪਿਛਲੇ 4 ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਸਨ ਪਰ ਕੁਝ ਸਮਾਂ ਪਹਿਲਾਂ ਹੀ ਉਹ ਲੁਧਿਆਣਾ ਆ ਕੇ ਰਹਿਣ ਲੱਗੇ ਸਨ। ਪੁਲਸ ਨੇ ਲੜਕੀ ਦੇ ਪਿਤਾ ਗੁਰਮੇਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।