ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਪਰਤ ਰਹੇ ਪਿਤਾ-ਪੁੱਤਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਹਾਂ ਦੀ ਮੌਤ

07/26/2021 12:02:18 PM

ਪਟਿਆਲਾ (ਬਲਜਿੰਦਰ) : ਗੁਰਦੁਆਰਾ ਸਾਹਿਬ ਤੋਂ ਸੇਵਾ ਕਰ ਕੇ ਘਰ ਨੂੰ ਪਰਤ ਰਹੇ ਪਿਤਾ-ਪੁੱਤਰ ਨੂੰ ਕਾਰ ਨੇ ਜ਼ਬਰਦਸਤ ਫੇਟ ਮਾਰੀ। ਹਾਦਸੇ ’ਚ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਪੁੱਤਰ ਨੇ ਹਸਪਤਾਲ ’ਚ ਜਾ ਕੇ ਦਮ ਤੋੜ ਦਿੱਤਾ। ਇਸ ਹਾਦਸੇ ’ਚ ਮੋਟਰਸਾਈਕਲ ਕਾਫੀ ਦੂਰ ਜਾ ਕੇ ਡਿੱਗਿਆ। ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸ. ਹੈਰੀ ਬੋਪਰਾਏ ਨੇ ਦੱਸਿਆ ਕਿ ਸ਼ਹਿਰ ਦੇ ਸਰਹਿੰਦ ਰੋਡ ’ਤੇ ਹੇਮਕੁੰਟ ਪੈਟਰੋਲ ਪੰਪ ਕੋਲ ਇਕ ਦਰਦਨਾਕ ਹਾਦਸਾ ਵਾਪਰਿਆ।

ਇਕ ਕਾਰ ਨੇ ਮੋਟਰਸਾਈਕਲ ’ਤੇ ਜਾ ਰਹੇ ਪਿਤਾ-ਪੁੱਤਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਪਿਤਾ ਮਨਜੀਤ ਸਿੰਘ (45) ਪੁੱਤਰ ਦਲੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦੇ ਪੁੱਤਰ ਜਸਮੀਤ ਸਿੰਘ (15) ਨੂੰ ਜ਼ਖਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਨੇ ਥੋੜ੍ਹੀ ਦੇਰ ਬਾਅਦ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਿਤਾ-ਪੁੱਤਰ ਗੁਰਦੁਆਰਾ ਸਾਹਿਬ ਤੋਂ ਸੇਵਾ ਕਰ ਕੇ ਘਰ ਨੂੰ ਵਾਪਸ ਜਾ ਰਹੇ ਸਨ।


Babita

Content Editor

Related News